ਵਾਸਿ਼ੰਗਟਨ, 16 ਸਤੰਬਰ (ਪੋਸਟ ਬਿਊਰੋ): 64 ਦਿਨਾਂ ਬਾਅਦ ਇੱਕ ਵਾਰ ਫਿਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਜਾਨਲੇਵਾ ਹਮਲਾ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਟਰੰਪ ਫਲੋਰੀਡਾ ਦੇ ਪਾਮ ਬੀਚ ਕਾਊਂਟੀ ਵਿੱਚ ਅੰਤਰਰਾਸ਼ਟਰੀ ਗੋਲਫ ਕਲੱਬ ਵਿੱਚ ਖੇਡ ਰਹੇ ਸਨ। ਉਦੋਂ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਸੀਕਰੇਟ ਸਰਵਿਸ ਏਜੰਟ ਨੇ ਝਾੜੀਆਂ ਵਿੱਚ ਲੁਕੇ ਇੱਕ ਸ਼ੱਕੀ ਨੂੰ ਦੇਖਿਆ। ਉਸ ਕੋਲ ਏਕੇ-47 ਵਰਗੀ ਰਾਈਫਲ ਅਤੇ ਗੋ ਪ੍ਰੋ ਕੈਮਰਾ ਸੀ। ਬੰਦੂਕ ਦਾ ਨਿਸ਼ਾਨਾ ਗੋਲਫ ਕੋਰਸ ਵੱਲ ਸੀ।
ਟਰੰਪ ਅਤੇ ਹਮਲਾਵਰ ਵਿਚਕਾਰ ਕਰੀਬ 300 ਤੋਂ 500 ਮੀਟਰ ਦੀ ਦੂਰੀ ਸੀ। ਏਜੰਟ ਨੇ ਸ਼ੱਕੀ ਨੂੰ ਦੇਖਦੇ ਹੀ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਉਹ ਆਪਣੀ ਕਾਲੇ ਰੰਗ ਦੀ ਐੱਸਯੂਵੀ 'ਚ ਫਰਾਰ ਹੋ ਗਿਆ। ਇਸ ਦੌਰਾਨ ਉੱਥੇ ਮੌਜੂਦ ਇੱਕ ਚਸ਼ਮਦੀਦ ਨੇ ਸ਼ੱਕੀ ਦੀ ਕਾਰ ਦੀ ਤਸਵੀਰ ਲਈ। ਇਸ 'ਚ ਮਿਲੀ ਨੰਬਰ ਪਲੇਟ ਦੇ ਆਧਾਰ 'ਤੇ ਸੀਕ੍ਰੇਟ ਸਰਵਿਸ ਨੇ ਗੱਡੀ ਦਾ ਪਿੱਛਾ ਕੀਤਾ ਅਤੇ ਗੋਲਫ ਕੋਰਸ ਤੋਂ 60 ਕਿਲੋਮੀਟਰ ਦੂਰ ਹਾਈਵੇ 'ਤੇ ਸ਼ੱਕੀ ਵਿਅਕਤੀ ਨੂੰ ਫੜ੍ਹ ਲਿਆ।