ਫਲੋਰੀਡਾ, 14 ਜਨਵਰੀ (ਪੋਸਟ ਬਿਉਰੋ): ਸਾਬਕਾ ਪ੍ਰਸਟ ਲੇਡੀ ਮਿਸ਼ੇਲ ਓਬਾਮਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਣਗੇ। ਦੋ ਹਫ਼ਤਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਉਹ ਸਾਬਕਾ ਅਮਰੀਕੀ ਨੇਤਾਵਾਂ ਅਤੇ ਉਨ੍ਹਾਂ ਦੇ ਜੀਵਨਸਾਥੀਆਂ ਦੀ ਸਭਾ ਵਿੱਚ ਸ਼ਾਮਿਲ ਨਹੀਂ ਹੋਣਗੇ।
ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਬਿਲ ਕਲਿੰਟਨ ਅਤੇ ਜਾਰਜ ਡਬਲਯੂ. ਬੁਸ਼ ਸਹੁੰ ਚੁੱਕ ਸਮਾਰੋਹ ਵਿੱਚ ਫਿਰ ਤੋਂ ਸ਼ਾਮਿਲ ਹੋਣਗੇ। ਜਾਣਕਾਰੀ ਅਨੁਸਾਰ ਲਾਰਾ ਬੁਸ਼ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਆਪਣੇ ਪਤੀਆਂ ਨਾਲ 20 ਜਨਵਰੀ ਨੂੰ ਕੈਪੀਟਲ ਵਿੱਚ ਸਹੁੰ ਚੁੱਕ ਸਮਾਰੋਹ ਵਿੱਚ ਸ਼ਾਮਿਲ ਹੋਣਗੇ।
ਬਰਾਕ ਅਤੇ ਮਿਸ਼ੇਲ ਓਬਾਮਾ ਦੇ ਦਫ਼ਤਰ ਵਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਹੁੰ ਕਬੂਲ ਸਮਾਰੋਹ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਹੋ ਗਈ ਹੈ। ਸਾਬਕਾ ਪ੍ਰਸਟ ਲੇਡੀ ਮਿਸ਼ੇਲ ਓਬਾਮਾ ਅਗਲੇ ਸਹੁੰ ਕਬੂਲ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਣਗੇ।
ਇਸ ਗੱਲ ਦਾ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਮਿਸ਼ੇਲ ਓਬਾਮਾ ਟਰੰਪ ਦੇ ਸਹੁੰ ਕਬੂਲ ਸਮਾਰੋਹ ਵਿੱਚ ਕਿਉਂ ਸ਼ਾਮਿਲ ਨਹੀਂ ਹੋ ਰਹੇ। ਉਹ ਪਿਛਲੇ ਹਫ਼ਤੇ ਵਾਸਿ਼ੰਗਟਨ ਵਿੱਚ ਸਾਬਕਾ ਰਾਸ਼ਟਰਪਤੀ ਜਿਮੀ ਕਾਰਟਰ ਦੇ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਿਲ ਨਹੀਂ ਹੋਏ ਸਨ।