ਵਾਸਿ਼ੰਗਟਨ, 7 ਜਨਵਰੀ (ਪੋਸਟ ਬਿਊਰੋ): ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਜਿੱਤ `ਤੇ ਸੋਮਵਾਰ ਨੂੰ ਮੋਹਰ ਲੱਗ ਗਈ। ਇਲੈਕਟੋਰਲ ਵੋਟਾਂ ਦੀ ਗਿਣਤੀ ਤੋਂ ਬਾਅਦ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ਨੂੰ ਜੇਤੂ ਐਲਾਨ ਦਿੱਤਾ। ਟਰੰਪ ਦੀ ਜਿੱਤ 6 ਨਵੰਬਰ ਨੂੰ ਤੈਅ ਹੋ ਗਈ ਸੀ, ਪਰ ਇਸ ਦਾ ਅਧਿਕਾਰਤ ਤੌਰ 'ਤੇ ਕੱਲ੍ਹ ਐਲਾਨ ਕੀਤਾ ਗਿਆ ਸੀ।
ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਅਮਰੀਕੀ ਸੰਸਦ ਕੈਪੀਟਲ ਹਿੱਲ ਵਿੱਚ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਅਤੇ ਕਾਂਗਰਸ ਦੇ ਦੋਵੇਂ ਸਦਨਾਂ ਸੈਨੇਟ ਦੇ ਸਾਂਝੇ ਸੈਸ਼ਨ ਵਿੱਚ ਕੀਤੀ ਗਈ। ਇਸ ਪ੍ਰਕਿਰਿਆ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਨੇ ਕੀਤੀ ਕਿਉਂਕਿ ਉਹ ਸੈਨੇਟ ਦੇ ਪ੍ਰਧਾਨ ਹਨ।
ਜਿੱਤ ਦੇ ਅਧਿਕਾਰਤ ਐਲਾਨ ਤੋਂ ਬਾਅਦ ਟਰੰਪ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕਾਂਗਰਸ (ਅਮਰੀਕੀ ਸੰਸਦ) ਨੇ ਅੱਜ ਸਾਡੀ ਚੋਣ ਜਿੱਤ ਨੂੰ ਪ੍ਰਮਾਣਿਤ ਕੀਤਾ। ਇਹ ਇਤਿਹਾਸ ਦਾ ਵੱਡਾ ਪਲ ਹੈ।
ਅਮਰੀਕਾ ਵਿੱਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਈਆਂ ਸਨ। ਇਸ ਵਿੱਚ ਟਰੰਪ ਦੀ ਜਿੱਤ ਹੋਈ ਸੀ। ਟਰੰਪ ਨੂੰ 312 ਇਲੈਕਟੋਰਲ ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੀ ਵਿਰੋਧੀ ਕਮਲਾ ਹੈਰਿਸ ਨੂੰ ਸਿਰਫ਼ 226 ਇਲੈਕਟੋਰਲ ਵੋਟਾਂ ਮਿਲੀਆਂ। ਚੋਣ ਜਿੱਤਣ ਲਈ ਉਮੀਦਵਾਰ ਨੂੰ 270 ਇਲੈਕਟੋਰਲ ਵੋਟਾਂ ਦੀ ਲੋੜ ਹੁੰਦੀ ਹੈ।
ਟਰੰਪ ਜਿੱਤ ਦੇ ਅਧਿਕਾਰਤ ਐਲਾਨ ਤੋਂ 13 ਦਿਨ ਬਾਅਦ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਕੈਪੀਟਲ ਹਿੱਲ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਗਾਈ ਗਈ ਸੀ ਅਤੇ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੇ ਸਾਂਝੇ ਸੈਸ਼ਨ ਅਤੇ ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।