ਵਾਸਿ਼ੰਗਟਨ, 7 ਜਨਵਰੀ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਕ ਵਾਰ ਫਿਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਇਹ ਪੇਸ਼ਕਸ਼ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਤੋਂ ਕੁਝ ਘੰਟੇ ਬਾਅਦ ਹੀ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਹੁਣ ਕੈਨੇਡਾ ਨਾਲ ਹੋਰ ਵਪਾਰਕ ਘਾਟਾ ਨਹੀਂ ਝੱਲ ਸਕਦਾ ਅਤੇ ਨਾ ਹੀ ਹੋਰ ਸਬਸਿਡੀਆਂ ਦੇ ਸਕਦਾ ਹੈ। ਕੈਨੇਡਾ ਨੂੰ ਆਪਣੇ ਬਚਾਅ ਲਈ ਇਸ ਦੀ ਸਖ਼ਤ ਲੋੜ ਹੈ। ਟਰੂਡੋ ਨੂੰ ਇਹ ਪਤਾ ਸੀ, ਇਸ ਲਈ ਉਨ੍ਹਾਂ ਅਸਤੀਫਾ ਦੇ ਦਿੱਤਾ।
ਟਰੰਪ ਨੇ ਕਿਹਾ ਕਿ ਜੇਕਰ ਕੈਨੇਡਾ ਅਮਰੀਕਾ ਨਾਲ ਜੁੜ ਜਾਂਦਾ ਹੈ ਤਾਂ ਕੋਈ ਟੈਰਿਫ ਨਹੀਂ ਹੋਵੇਗਾ, ਟੈਕਸ ਬਹੁਤ ਘੱਟ ਹੋ ਜਾਣਗੇ। ਇਸ ਨਾਲ ਕੈਨੇਡਾ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਵੇਗਾ।
ਟਰੂਡੋ ਨੇ ਨਵੰਬਰ 2024 ਵਿੱਚ ਫਲੋਰੀਡਾ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਵੀ ਟਰੰਪ ਨੇ ਮਜ਼ਾਕ ਵਿਚ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਬਾਅਦ 'ਚ ਟਰੰਪ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਹੀ ਗੱਲ ਲਿਖ ਕੇ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਿਹਾ ਸੀ।