ਲਾਸ ਏਂਜਲਸ, 13 ਜਨਵਰੀ (ਪੋਸਟ ਬਿਊਰੋ): ਅਮਰੀਕਾ ਦੇ ਕੈਲਿਫੋਰਨੀਆ ਸੂਬੇ ਵਿੱਚ ਲੱਗੀ ਅੱਗ ਵਿੱਚ 24 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਆਸਟ੍ਰੇਲੀਆਈ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਿਲ ਸੀ। ਈਟਨ ਅਤੇ ਪੈਲੀਸੇਡਸ ਵਿੱਚ 16 ਲੋਕਾਂ ਦੇ ਲਾਪਤਾ ਹੋਣ ਦੀ ਵੀ ਰਿਪੋਰਟ ਹੈ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ 'ਤੇ ਹਾਲੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਐਤਵਾਰ ਨੂੰ ਲਾਸ ਏਂਜਲਸ ਵਿੱਚ ਹਵਾ ਦੀ ਗਤੀ ਥੋੜ੍ਹੀ ਘੱਟ ਗਈ। ਇਸ ਨਾਲ ਫਾਇਰਫਾਈਟਰਾਂ ਨੂੰ ਅੱਗ 'ਤੇ ਕਾਬੂ ਪਾਉਣ ਵਿੱਚ ਮਦਦ ਮਿਲੀ। ਹਾਲਾਂਕਿ, ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਦੇਰ ਰਾਤ ਤੱਕ ਤੇਜ਼ ਹਵਾਵਾਂ ਵਾਪਿਸ ਆਉਣਗੀਆਂ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀਆਂ ਕੋਸਿ਼ਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।
ਜਾਣਕਾਰੀ ਅਨੁਸਾਰ ਐਤਵਾਰ ਤੱਕ ਲਾਸ ਏਂਜਲਸ ਵਿੱਚ ਲਗਭਗ 38,629 ਏਕੜ ਰਕਬਾ ਸੜ ਚੁੱਕਿਆ ਸੀ। ਇਹ ਲਗਭਗ 60 ਵਰਗ ਮੀਲ ਦੇ ਬਰਾਬਰ ਹੈ। ਪਰੇਸ਼ ਸ਼ਹਿਰ 40 ਵਰਗ ਮੀਲ ਵਿੱਚ ਫੈਲਿਆ ਹੋਇਆ ਹੈ। ਜਿਸਦਾ ਮਤਲਬ ਹੈ ਕਿ ਅੱਗ ਨੇ ਪੈਰਿਸ ਤੋਂ ਵੀ ਵੱਡੇ ਖੇਤਰ ਨੂੰ ਸਾੜ ਦਿੱਤਾ ਹੈ। ਹੁਣ ਤੱਕ 12,300 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ।