ਹਨੋਈ, 16 ਸਤੰਬਰ (ਪੋਸਟ ਬਿਊਰੋ): ਭਾਰਤ ਨੇ ਚੱਕਰਵਾਤ ਯਾਗੀ ਕਾਰਨ ਆਏ ਹੜ੍ਹਾਂ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਵੀਅਤਨਾਮ ਦੀ ਮਦਦ ਲਈ 10 ਲੱਖ ਡਾਲਰ (ਲਗਭਗ 8.4 ਕਰੋੜ ਰੁਪਏ) ਦੀ ਰਾਹਤ ਸਮੱਗਰੀ ਭੇਜੀ ਹੈ। ਭਾਰਤ ਨੇ ਇਸ ਨੂੰ ਆਪਰੇਸ਼ਨ ਸਦਭਾਵ ਦਾ ਨਾਂ ਦਿੱਤਾ ਹੈ। ਇਸ ਆਪਰੇਸ਼ਨ ਤਹਿਤ ਭਾਰਤ ਨੇ ਕੁੱਲ 35 ਟਨ ਰਾਹਤ ਸਮੱਗਰੀ ਜਿਵੇਂ ਵਾਟਰ ਫਿਲਟਰ, ਪਾਣੀ ਦੇ ਕੰਟੇਨਰ, ਕੰਬਲ, ਰਸੋਈ ਦੇ ਬਰਤਨ ਅਤੇ ਸੂਰਜੀ ਲਾਲਟੈਣ ਭੇਜੇ ਹਨ।
ਇਹ ਸਮੱਗਰੀ ਐਤਵਾਰ ਰਾਤ ਨੂੰ ਹਵਾਈ ਸੈਨਾ ਦੇ ਸੀ17 ਜਹਾਜ਼ ਦੁਆਰਾ ਭੇਜੀ ਗਈ ਸੀ। ਵੀਅਤਨਾਮ ਵਿੱਚ ਯਾਗੀ ਦੇ ਕਾਰਨ ਹੋਏ ਨੁਕਸਾਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਅਤਨਾਮ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟਾਈ ਸੀ। ਭਾਰਤ ਨੇ ਵੀਅਤਨਾਮ ਤੋਂ ਇਲਾਵਾ ਯਾਗੀ ਪ੍ਰਭਾਵਿਤ ਮਿਆਂਮਾਰ ਅਤੇ ਲਾਓਸ ਨੂੰ ਵੀ ਰਾਹਤ ਸਮੱਗਰੀ ਭੇਜੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ।
ਵੀਅਤਨਾਮ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਅਤਨਾਮੀ ਅਖਬਾਰ ਵੀਐੱਨ ਐਕਸਪ੍ਰੈੱਸ ਮੁਤਾਬਕ 100 ਤੋਂ ਵੱਧ ਲੋਕ ਲਾਪਤਾ ਹਨ। 800 ਤੋਂ ਵੱਧ ਜ਼ਖਮੀ ਹੋਏ ਹਨ। 10 ਸਤੰਬਰ ਨੂੰ ਲਾਓ ਕਾਈ ਸੂਬੇ 'ਚ ਜ਼ਮੀਨ ਖਿਸਕਣ ਕਾਰਨ ਲੈਂਗ ਨੂ ਪਿੰਡ ਮਿੱਟੀ 'ਚ ਦੱਬ ਗਿਆ ਸੀ।
ਮੰਗਲਵਾਰ ਸਵੇਰੇ 6 ਵਜੇ ਦੇ ਕਰੀਬ 500 ਮੀਟਰ ਦੂਰ ਇਕ ਪਹਾੜ ਤੋਂ ਚਿੱਕੜ ਅਤੇ ਚੱਟਾਨਾਂ ਦੇ ਵਹਿਣ ਨੇ ਪੂਰੇ ਪਿੰਡ ਨੂੰ ਚਿੱਕੜ ਵਿਚ ਦੱਬ ਦਿੱਤਾ। ਇਸ ਪਿੰਡ 'ਚ 37 ਘਰ ਸਨ, ਜਿਨ੍ਹਾਂ 'ਚ 158 ਲੋਕ ਰਹਿੰਦੇ ਸਨ, ਜ਼ਮੀਨ ਖਿਸਕਣ ਤੋਂ ਬਾਅਦ ਸਥਾਨਕ ਲੋਕ 17 ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਸਫਲ ਰਹੇ।