ਮਾਸਕੋ, 13 ਸਤੰਬਰ (ਪੋਸਟ ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ 12 ਸਤੰਬਰ ਨੂੰ ਸੇਂਟ ਪੀਟਰਸਬਰਗ 'ਚ ਮੁਲਾਕਾਤ ਕੀਤੀ। ਇਸ ਦਾ 51 ਸੈਕਿੰਡ ਦਾ ਵੀਡੀਓ ਸ਼ੁੱਕਰਵਾਰ ਨੂੰ ਸਾਹਮਣੇ ਆਇਆ। ਇਸ ਦੌਰਾਨ ਡੋਭਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੌਰੇ ਬਾਰੇ ਪੁਤਿਨ ਨੂੰ ਜਾਣਕਾਰੀ ਦਿੱਤੀ।
ਐੱਸਐੱਸਏ ਨੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਤੁਹਾਡੇ ਨਾਲ ਟੈਲੀਫੋਨ 'ਤੇ ਗੱਲ ਕੀਤੀ, ਉਹ ਤੁਹਾਨੂੰ ਆਪਣੀ ਯੂਕਰੇਨ ਯਾਤਰਾ ਅਤੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਆਪਣੀ ਮੁਲਾਕਾਤ ਬਾਰੇ ਜਾਣਕਾਰੀ ਦੇਣ ਲਈ ਉਤਸ਼ਾਹਿਤ ਸਨ। ਉਹ ਚਾਹੁੰਦੇ ਸਨ ਕਿ ਮੈਂ ਰੂਸ ਜਾਵਾਂ ਅਤੇ ਤੁਹਾਨੂੰ ਵਿਅਕਤੀਗਤ ਤੌਰ 'ਤੇ ਮਿਲਾਂ ਅਤੇ ਤੁਹਾਨੂੰ ਉਸ ਗੱਲਬਾਤ ਬਾਰੇ ਦੱਸਾਂ। ਦੋਨਾਂ ਵਿਚਾਲੇ ਗੱਲਬਾਤ ਕਾਫੀ ਕਰੀਬੀ ਫਾਰਮੈਟ 'ਚ ਹੋਈ। ਇਸ ਵਿੱਚ ਸਿਰਫ਼ 2 ਆਗੂ ਸਨ। ਉਨ੍ਹਾਂ ਦੇ ਨਾਲ ਦੋ ਲੋਕ ਸਨ, ਜਿਨ੍ਹਾਂ ਵਿੱਚ ਮੈਂ ਵੀ ਪ੍ਰਧਾਨ ਮੰਤਰੀ ਦੇ ਨਾਲ ਸੀ। ਮੈਂ ਇਸ ਗੱਲਬਾਤ ਦਾ ਗਵਾਹ ਹਾਂ।
ਜਾਣਕਾਰੀ ਮੁਤਾਬਕ ਰੂਸੀ ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਉਹ 22 ਅਕਤੂਬਰ ਨੂੰ ਕਜ਼ਾਨ (ਰੂਸ) 'ਚ ਹੋਣ ਵਾਲੇ ਬ੍ਰਿਕਸ ਸੰਮੇਲਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਹਿੱਸਾ ਲੈਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਮੁਲਾਕਾਤ ਦਾ ਪ੍ਰਸਤਾਵ ਵੀ ਰੱਖਿਆ।