ਬਰਨ, 13 ਸਤੰਬਰ (ਪੋਸਟ ਬਿਊਰੋ): ਮਿਸ ਸਵਿਟਜ਼ਰਲੈਂਡ ਦੀ ਫਾਈਨਲਿਸਟ ਕ੍ਰਿਸਟੀਨਾ ਜੋਕਸੀਮੋਵਿਚ ਦਾ ਉਸ ਦੇ ਪਤੀ ਥਾਮਸ ਨੇ ਕਤਲ ਕਰ ਦਿੱਤਾ ਸੀ। ਥਾਮਸ ਨੇ ਕ੍ਰਿਸਟੀਨਾ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ ਸਨ। ਉਸਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਟੁਕੜਿਆਂ ਨੂੰ ਇੱਕ ਬਲੈਂਡਰ ਵਿੱਚ ਪੀਸਿਆ। ਇਸ ਨੂੰ ਛੁਪਾਉਣ ਲਈ ਉਸ ਨੇ ਤੇਜ਼ਾਬ ਦੇ ਘੋਲ ਵਿਚ ਮਿਲਾ ਦਿੱਤਾ ਸੀ। ਇਹ ਖੁਲਾਸਾ ਸਵਿਟਜ਼ਰਲੈਂਡ ਪੁਲਿਸ ਦੇ ਜਾਂਚ ਅਧਿਕਾਰੀਆਂ ਨੇ ਕੀਤਾ ਹੈ।
ਜਾਣਕਾਰੀ ਮੁਤਾਬਕ 38 ਸਾਲਾ ਮਾਡਲ ਕ੍ਰਿਸਟੀਨਾ ਦੀ ਇਸ ਸਾਲ 13 ਫਰਵਰੀ ਨੂੰ ਹੱਤਿਆ ਕਰ ਦਿੱਤੀ ਗਈ ਸੀ। ਕ੍ਰਿਸਟੀਨਾ ਦੀ ਲਾਸ਼ ਬਿਨਿੰਗੇਨ ਸ਼ਹਿਰ ਵਿੱਚ ਉਸਦੇ ਘਰ ਦੇ ਲਾਂਡਰੀ ਰੂਮ ਵਿੱਚ ਮਿਲੀ ਸੀ।
ਕਤਲ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਕ੍ਰਿਸਟੀਨਾ ਦੇ ਪਤੀ ਥਾਮਸ (41) ਨੂੰ ਗ੍ਰਿਫਤਾਰ ਕੀਤਾ। ਥਾਮਸ ਨੇ ਮਾਰਚ ਵਿੱਚ ਆਪਣਾ ਦੋਸ਼ ਕਬੂਲ ਕੀਤਾ ਸੀ। ਥਾਮਸ ਨੇ ਫੈਡਰਲ ਅਦਾਲਤ ਵਿੱਚ ਜ਼ਮਾਨਤ ਲਈ ਪਟੀਸ਼ਨ ਪਾਈ ਸੀ, ਜਿਸ ਨੂੰ ਅਦਾਲਤ ਨੇ 11 ਸਤੰਬਰ ਨੂੰ ਰੱਦ ਕਰ ਦਿੱਤਾ ਸੀ।
ਦੋਸ਼ੀ ਥਾਮਸ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਮੈਂ ਆਤਮ ਰੱਖਿਆ 'ਚ ਕ੍ਰਿਸਟੀਨਾ ਦਾ ਕਤਲ ਕੀਤਾ ਹੈ। ਕ੍ਰਿਸਟੀਨਾ ਨੇ ਪਹਿਲਾਂ ਵੀ ਮੇਰੇ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ ਮੈਂ ਸਵੈ-ਰੱਖਿਆ ਵਿੱਚ ਕ੍ਰਿਸਟੀਨਾ ਨੂੰ ਮਾਰ ਦਿੱਤਾ।
ਕ੍ਰਿਸਟੀਨਾ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਪਹਿਲਾਂ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ। ਥਾਮਸ ਨੇ ਆਪਣੇ ਇਕਬਾਲੀਆ ਬਿਆਨ ਵਿਚ ਇਹ ਗੱਲ ਕਬੂਲ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਲਾਂਡਰੀ ਰੂਮ ਵਿੱਚ ਆਰੇ, ਚਾਕੂ ਅਤੇ ਪੌਦਿਆਂ ਦੀ ਛਟਾਈ ਲਈ ਵਰਤੀ ਜਾਂਦੀ ਕੈਂਚੀ ਦੀ ਮਦਦ ਨਾਲ ਕ੍ਰਿਸਟੀਨਾ ਦੀ ਲਾਸ਼ ਦੇ ਟੁਕੜੇ ਕਰ ਦਿੱਤੇ ਸਨ।