ਮਾਸਕੋ, 12 ਸਤੰਬਰ (ਪੋਸਟ ਬਿਊਰੋ): ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਦੂਤ ਦੇ ਰੂਪ ਵਿੱਚ, ਸੇਂਟ ਪੀਟਰਸਬਰਗ ਵਿੱਚ ਰੂਸ ਦੇ ਐੱਨਐੱਸਏ ਸਰਗੇਈ ਸ਼ੋਇਗੂ ਨੂੰ ਮਿਲੇ। ਇਸ ਦੌਰਾਨ ਦੋਨਾਂ ਨੇ ਯੂਕਰੇਨ ਨਾਲ ਚੱਲ ਰਹੀ ਜੰਗ ਦਾ ਹੱਲ ਲੱਭਣ 'ਤੇ ਵਿਚਾਰ ਵਟਾਂਦਰਾ ਕੀਤਾ। ਐੱਨਐੱਸਏ ਡੋਭਾਲ ਨੇ ਰੂਸ ਨੂੰ ਭਾਰਤ ਦੀ ਸੰਭਾਵਿਤ ਭੂਮਿਕਾ ਬਾਰੇ ਵੀ ਜਾਣਕਾਰੀ ਦਿੱਤੀ। ਡੋਭਾਲ-ਸ਼ੋਇਗੂ ਬੈਠਕ ਬੁੱਧਵਾਰ ਸ਼ਾਮ ਨੂੰ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਕਾਨਫਰੰਸ ਦੌਰਾਨ ਹੋਈ।
ਇਸ ਤੋਂ ਪਹਿਲਾਂ 23 ਅਗਸਤ ਨੂੰ ਕੀਵ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਨੂੰ ਲੈ ਕੇ ਵੀ ਦੋ ਐੱਨਐੱਸਏ ਦਰਮਿਆਨ ਚਰਚਾ ਹੋਈ ਸੀ। ਰੂਸ ਵਿੱਚ ਭਾਰਤੀ ਦੂਤਾਵਾਸ ਨੇ ਡੋਭਾਲ ਅਤੇ ਸ਼ੋਇਗੂ ਵਿਚਕਾਰ ਗੱਲਬਾਤ 'ਤੇ ਕਿਹਾ ਕਿ ਦੋਨਾਂ ਪੱਖਾਂ ਨੇ ਦੁਵੱਲੇ ਸਹਿਯੋਗ ਵਿੱਚ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਆਪਸੀ ਹਿੱਤਾਂ ਦੇ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ।
ਡੋਭਾਲ ਦੀ ਰੂਸ ਯਾਤਰਾ ਪ੍ਰਧਾਨ ਮੰਤਰੀ ਮੋਦੀ ਦੇ ਯੂਕਰੇਨ ਦੇ ਉੱਚ ਪੱਧਰੀ ਦੌਰੇ ਤੋਂ ਢਾਈ ਹਫ਼ਤੇ ਬਾਅਦ ਹੋਈ ਹੈ। ਜ਼ੇਲੇਂਸਕੀ ਨਾਲ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਯੂਕਰੇਨ ਅਤੇ ਰੂਸ ਨੂੰ ਬਿਨ੍ਹਾਂ ਕੋਈ ਸਮਾਂ ਬਰਬਾਦ ਕੀਤੇ ਇਕੱਠੇ ਬੈਠਣਾ ਚਾਹੀਦਾ ਹੈ ਅਤੇ ਚੱਲ ਰਹੇ ਯੁੱਧ ਨੂੰ ਖਤਮ ਕਰਨਾ ਚਾਹੀਦਾ ਹੈ ਅਤੇ ਭਾਰਤ ਖੇਤਰ ਵਿੱਚ ਸ਼ਾਂਤੀ ਬਹਾਲ ਕਰਨ ਲਈ ਸਰਗਰਮ ਭੂਮਿਕਾ ਨਿਭਾਉਣ ਲਈ ਤਿਆਰ ਹੈ।