ਵਾਸਿ਼ੰਗਟਨ, 12 ਸਤੰਬਰ (ਪੋਸਟ ਬਿਊਰੋ): ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਸੀਨੀਅਰ ਡਿਪਲੋਮੈਟ ਡੋਨਾਲਡ ਲੂ ਦੀ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਆਮ ਕੂਟਨੀਤਕ ਗੱਲਬਾਤ ਦਾ ਹਿੱਸਾ ਸੀ।
ਏਐੱਨਆਈ ਮੁਤਾਬਕ ਬੁਲਾਰੇ ਨੇ ਕਿਹਾ ਕਿ ਸਾਡੀ ਨੀਤੀ ਸਹਿਯੋਗੀ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ-ਨਾਲ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਸਮਾਜਿਕ ਸਬੰਧਾਂ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨਿੱਜੀ ਗੱਲਬਾਤ ਬਾਰੇ ਹੋਰ ਟਿੱਪਣੀ ਨਹੀਂ ਕਰ ਸਕਦੇ।
ਰਾਹੁਲ ਨੇ ਸੋਮਵਾਰ ਨੂੰ ਲੂ ਨਾਲ ਮੁਲਾਕਾਤ ਕੀਤੀ। ਉਹ ਅਮਰੀਕੀ ਵਿਦੇਸ਼ ਵਿਭਾਗ ਦੇ ਦੱਖਣੀ ਅਤੇ ਮੱਧ ਏਸ਼ੀਆ ਬਿਊਰੋ ਲਈ ਸਹਾਇਕ ਵਿਦੇਸ਼ ਮੰਤਰੀ ਹਨ। ਲੂ ਇਸ ਹਫਤੇ ਭਾਰਤ ਅਤੇ ਬੰਗਲਾਦੇਸ਼ ਦਾ ਦੌਰਾ ਕਰ ਰਹੇ ਹਨ। ਡੋਨਾਲਡ ਲੂ ਪਹਿਲਾਂ ਨਵੀਂ ਦਿੱਲੀ ਆਉਣਗੇ। ਇੱਥੇ ਉਹ ਇੱਕ ਵਪਾਰਕ ਸੰਮੇਲਨ ਵਿੱਚ ਸਿ਼ਰਕਤ ਕਰਨਗੇ।
ਇਸ ਤੋਂ ਬਾਅਦ ਲੂ ਭਾਰਤ ਅਤੇ ਅਮਰੀਕਾ ਵਿਚਾਲੇ ਅੱਠਵੀਂ ਟੂ ਪਲੱਸ ਟੂ ਮੰਤਰੀ ਪੱਧਰ ਦੀ ਬੈਠਕ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਬੰਗਲਾਦੇਸ਼ ਦਾ ਦੌਰਾ ਕਰਨਗੇ ਜਿੱਥੇ ਉਹ ਅੰਤਰਿਮ ਸਰਕਾਰ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਉਹ ਇਸ ਸਾਲ ਮਈ ਵਿੱਚ ਬੰਗਲਾਦੇਸ਼ ਵੀ ਗਏ ਸਨ।
ਡੋਨਾਲਡ ਲੂ ਦਾ ਨਾਂ ਦੱਖਣੀ ਏਸ਼ੀਆਈ ਦੇਸ਼ਾਂ 'ਚ ਤਖਤਾਪਲਟ ਨਾਲ ਜੁੜਿਆ ਹੋਇਆ ਹੈ। ਪਾਕਿਸਤਾਨ 'ਚ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਵੀ ਉਨ੍ਹਾਂ ਦਾ ਨਾਂ ਸਾਹਮਣੇ ਆਇਆ ਸੀ। ਇਮਰਾਨ ਖਾਨ ਨੇ ਖੁੱਲ੍ਹੇਆਮ ਉਨ੍ਹਾਂ ਦਾ ਨਾਂ ਲਿਆ ਸੀ ਅਤੇ ਜਿ਼ੰਮੇਵਾਰ ਠਹਿਰਾਇਆ ਸੀ।