ਕੁਲਾ ਲਮਪੁਰ, 12 ਸਤੰਬਰ (ਪੋਸਟ ਬਿਊਰੋ): ਮਲੇਸ਼ੀਆ 'ਚ ਪੁਲਿਸ ਨੇ ਬੁੱਧਵਾਰ ਨੂੰ 20 ਇਸਲਾਮਿਕ ਵੈਲਫੇਅਰ ਹੋਮਜ਼ 'ਤੇ ਛਾਪੇਮਾਰੀ ਕੀਤੀ ਅਤੇ 402 ਬੱਚਿਆਂ ਨੂੰ ਮੁਕਤ ਕਰਵਾਇਆ। ਇਨ੍ਹਾਂ ਵਿੱਚ 1 ਤੋਂ 17 ਸਾਲ ਦੀ ਉਮਰ ਦੇ 201 ਲੜਕੇ ਅਤੇ 201 ਲੜਕੀਆਂ ਸ਼ਾਮਿਲ ਹਨ।
ਜਾਣਕਾਰੀ ਮੁਤਾਬਕ ਪੁਲਿਸ ਦਾ ਦੋਸ਼ ਹੈ ਕਿ ਇੱਥੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਹ ਵੈਲਫੇਅਰ ਹੋਮ ਗਲੋਬਲ ਇਖਵਾਨ ਸਰਵਿਸਿਜ਼ ਐਂਡ ਬਿਜ਼ਨਸ ਹੋਲਡਿੰਗਜ਼ (ਜੀਆਈਐੱਸਬੀ) ਨਾਮਕ ਇਸਲਾਮੀ ਕਾਰੋਬਾਰੀ ਸਮੂਹ ਨਾਲ ਜੁੜੇ ਹੋਏ ਹਨ।
ਰਾਸ਼ਟਰੀ ਪੁਲਿਸ ਮੁਖੀ ਨੇ ਕਿਹਾ ਕਿ 105 ਔਰਤਾਂ ਸਮੇਤ 171 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇੰਸਪੈਕਟਰ ਜਨਰਲ ਰਜ਼ਾਉਦੀਨ ਹੁਸੈਨ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਬੱਚਿਆਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ।
ਹੁਸੈਨ ਅਨੁਸਾਰ ਵੈਲਫੇਅਰ ਹੋਮਜ਼ ਵਿੱਚ ਬੱਚਿਆਂ ਨੂੰ ਦੂਜੇ ਬੱਚਿਆਂ ਨਾਲ ਗਲਤ ਕੰਮ ਕਰਨ ਲਈ ਵੀ ਦਬਾਅ ਪਾਇਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਧਾਰਮਿਕ ਗੁਰੂ ਅਤੇ ਕਈ ਹੋਰ ਸ਼ਾਮਿਲ ਹਨ। ਉਹ ਬੱਚਿਆਂ ਦੀ ਪੜ੍ਹਾਈ ਅਤੇ ਦੇਖਭਾਲ ਲਈ ਜਿ਼ੰਮੇਵਾਰ ਸਨ।
ਇੰਸਪੈਕਟਰ ਜਨਰਲ ਹੁਸੈਨ ਨੇ ਦੱਸਿਆ ਕਿ ਜਦੋਂ ਵੈਲਫੇਅਰ ਹੋਮ ਵਿੱਚ ਬੱਚੇ ਬਿਮਾਰ ਹੋ ਜਾਂਦੇ ਸਨ ਤਾਂ ਉਨ੍ਹਾਂ ਦਾ ਇਲਾਜ ਨਹੀਂ ਕੀਤਾ ਜਾਂਦਾ ਸੀ। ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਹੀ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਕੁਝ ਅਜਿਹੇ ਮਾਮਲੇ ਹਨ ਜਿਨ੍ਹਾਂ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਗਲਤੀ ਕਰਨ 'ਤੇ ਗਰਮ ਚਮਚ ਨਾਲ ਦਾਗ ਦਿੱਤਾ ਜਾਂਦਾ ਹੈ।
ਪੁਲਿਸ ਦਾ ਮੰਨਣਾ ਹੈ ਕਿ ਗਲੋਬਲ ਇਖਵਾਨ ਬੱਚਿਆਂ ਦਾ ਸ਼ੋਸ਼ਣ ਕਰਦਾ ਸੀ ਅਤੇ ਚੰਦੇ ਦੀ ਰਕਮ ਹਾਸਿਲ ਕਰਨ ਲਈ ਧਾਰਮਿਕ ਭਾਵਨਾਵਾਂ ਦੀ ਵਰਤੋਂ ਕਰਦਾ ਸੀ। ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਥੇ ਰਹਿਣ ਵਾਲੇ ਬੱਚੇ ਗਲੋਬਲ ਇਖਵਾਨ ਗਰੁੱਪ ਦੇ ਮੁਲਾਜ਼ਮਾਂ ਨਾਲ ਸਬੰਧਤ ਸਨ।