ਗਾਜ਼ਾ, 12 ਸਤੰਬਰ (ਪੋਸਟ ਬਿਊਰੋ): ਬੁੱਧਵਾਰ ਨੂੰ ਇਜ਼ਰਾਈਲ ਨੇ ਗਾਜ਼ਾ 'ਚ ਅਲ-ਜੂਨੀ ਸਕੂਲ ਅਤੇ ਦੋ ਘਰਾਂ 'ਤੇ ਹਮਲਾ ਕੀਤਾ।ਇਸ ਦੌਰਾਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚ 19 ਔਰਤਾਂ ਅਤੇ 6 ਬੱਚੇ ਸ਼ਾਮਿਲ ਹਨ। ਮਰਨ ਵਾਲਿਆਂ ਵਿੱਚ UNRWA ਦੇ ਛੇ ਕਰਮਚਾਰੀ ਵੀ ਸ਼ਾਮਿਲ ਹਨ।
ਜਾਣਕਾਰੀ ਮੁਤਾਬਕ ਇਹ ਸਕੂਲ ਨੁਸੀਰਤ ਸ਼ਰਨਾਰਥੀ ਕੈਂਪ ਵਿੱਚ ਸੰਯੁਕਤ ਰਾਸ਼ਟਰ ਡਿਜ਼ਾਸਟਰ ਰਿਸਪਾਂਸ ਏਜੰਸੀ (ਯੂ.ਐੱਨ.ਆਰ.ਡਬਲਯੂ.ਏ.) ਦਾ ਸੀ, ਜਿਸ ਵਿੱਚ ਫਲਸਤੀਨੀ ਸ਼ਰਨਾਰਥੀ ਰਹਿ ਰਹੇ ਸਨ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਉਸ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਜਿੱਥੇ ਸ਼ਰਨਾਰਥੀ ਰਹਿ ਰਹੇ ਸਨ। ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਗੁਟੇਰੇਸ ਨੇ ਕਿਹਾ ਕਿ ਇਹ ਸਕੂਲ 12 ਹਜ਼ਾਰ ਤੋਂ ਵੱਧ ਸ਼ਰਨਾਰਥੀਆਂ ਦਾ ਘਰ ਹੈ, ਜਿਨ੍ਹਾਂ ਵਿੱਚ ਜਿ਼ਆਦਾਤਰ ਬੱਚੇ ਅਤੇ ਔਰਤਾਂ ਹਨ। ਇਸ 'ਤੇ ਹਮਲਾ ਕਰਕੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਿਸ ਨੂੰ ਹੁਣ ਰੋਕਣ ਦੀ ਲੋੜ ਹੈ।