ਰੋਮ, 11 ਸਤੰਬਰ (ਪੋਸਟ ਬਿਊਰੋ): ਇਟਲੀ ਦੇ ਮੁੱਖ ਰਾਸ਼ਟਰੀ ਮੋਟਰਵੇਅ ਏ 21 ਉਪਰ ਕਿਰਮੋਨਾ ਨੇੜੇ ਬਰੇਸ਼ੀਆ ਵਾਲੇ ਪਾਸੇ ਬੀਤੀ ਰਾਤ ਲਗਭਗ 10.45 ਵਜੇ 3 ਵਾਹਨਾਂ ਦੀ ਜ਼ਬਰਦਸਤ ਟੱਕਰ ’ਚ 2 ਵਿਅਕਤੀਆਂ ਦੀ ਮੌਤ ਅਤੇ 4 ਲੋਕਾਂ ਦੇ ਗੰਭੀਰ ਰੂਪ ’ਚ ਜਖ਼ਮੀ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਮਰਨ ਵਾਲੇ 2 ਭਾਰਤੀ ਨੌਜਵਾਨ, ਜਿਨ੍ਹਾਂ ਦੀ ਉਮਰ 20 ਸਾਲ ਤੇ 29 ਸਾਲ ਸੀ, ਪਰ ਇਨ੍ਹਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਜਦਕਿ ਹਾਦਸੇ ’ਚ 4 ਲੋਕ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਜਿਨ੍ਹਾਂ ’ਚ ਇਕ 20 ਸਾਲਾ ਭਾਰਤੀ ਸਮੇਤ ਇਕ 57 ਸਾਲਾ ਵਿਅਕਤੀ ਤੇ 2 ਔਰਤਾਂ ਸ਼ਾਮਿਲ ਹਨ। ਇਸ ਭਿਆਨਕ ਸੜਕ ਹਾਦਸੇ ਕਾਰਨ ਮੋਟਰਵੇਅ ਸਵੇਰੇ 6 ਵਜੇ ਤੱਕ ਬੰਦ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫੋਰਡ ਕਾਰ (ਜਿਸ ’ਚ 3 ਭਾਰਤੀ ਸਵਾਰ ਸਨ) ਦੇ ਕੰਟਰੋਲ ਤੋਂ ਬਾਹਰ ਹੋ ਜਾਣ ਨਾਲ ਹੋਇਆ ਜਿਹੜੀ ਕਿ ਪਹਿਲਾਂ ਸੱਜੇ ਖੱਬੇ ਘੁੰਮਣ ਲੱਗੀ, ਫਿਰ ਇਕ ਕਾਰ ’ਚ ਵੱਜੀ ਤੇ ਬਾਅਦ ’ਚ ਸਾਹਮਣ੍ਹੇ ਤੋਂ ਆ ਰਹੀ ਤੇਜ ਰਫ਼ਤਾਰ ਕਾਰ ਨਾਲ ਟਕਰਾ ਗਈ, ਜਿਸ ਕਾਰਨ 2 ਭਾਰਤੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਤੀਜਾ ਇਨ੍ਹਾਂ ਦਾ ਸਾਥੀ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਰਾਹਤ ਮੁਲਾਜ਼ਮਾਂ ਨੇ ਹੈਲੀਕਾਪਰ ਰਾਹੀਂ ਹਸਤਪਾਲ ਪਹੁੰਚਾਇਆ ਗਿਆ। ਪੁਲਿਸ ਵੱਲੋਂ ਜਾਂਚ ਜਾਰੀ ਹੈ।