ਨੈਰੋਬੀ, 11 ਸਤੰਬਰ (ਪੋਸਟ ਬਿਊਰੋ): ਭਾਰਤੀ ਉਦਯੋਗਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਨਾਲ ਕੀਨੀਆ ਸਰਕਾਰ ਦੇ ਪ੍ਰਸਤਾਵਿਤ ਸੌਦੇ ਦੇ ਵਿਰੁਧ ਸੈਂਕੜੇ ਮੁਲਾਜ਼ਮਾਂ ਨੇ ਬੁੱਧਵਾਰ ਨੂੰ ਦੇਸ਼ ਦੇ ਮੁੱਖ ਹਵਾਈ ਅੱਡੇ ’ਤੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਾਰਨ ਉਡਾਨਾਂ ਦਾ ਸੰਚਾਲਨ ਰੋਕ ਦਿਤਾ ਗਿਆ ਸੀ ਅਤੇ ਸੈਂਕੜੇ ਮੁਸਾਫ਼ਰ ਹਵਾਈ ਅੱਡੇ ’ਤੇ ਫਸੇ ਰਹੇ।
ਸਰਕਾਰ ਨੇ ਕਿਹਾ ਕਿ ਜੋਮੋ ਕੀਨੀਆਟਾ ਕੌਮਾਂਤਰੀ ਹਵਾਈ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਅਡਾਨੀ ਸਮੂਹ ਨਾਲ ਨਿਰਮਾਣ ਅਤੇ ਸੰਚਾਲਨ ਸਮਝੌਤੇ ਤਹਿਤ ਇਕ ਵਾਧੂ ਰਨਵੇ ਅਤੇ ਟਰਮੀਨਲ ਦਾ ਨਿਰਮਾਣ ਕੀਤਾ ਜਾਵੇਗਾ। ਸਮਝੌਤੇ ਦੇ ਤਹਿਤ, ਸਮੂਹ 30 ਸਾਲਾਂ ਲਈ ਹਵਾਈ ਅੱਡੇ ਦਾ ਸੰਚਾਲਨ ਕਰੇਗਾ।
‘ਕੀਨੀਆ ਏਅਰਪੋਰਟ ਵਰਕਰਜ਼ ਯੂਨੀਅਨ’ ਨੇ ਹੜਤਾਲ ਦਾ ਐਲਾਨ ਕਰਦਿਆਂ ਦੋਸ਼ ਲਾਇਆ ਕਿ ਇਸ ਸਮਝੌਤੇ ਨਾਲ ਨੌਕਰੀਆਂ ਦਾ ਨੁਕਸਾਨ ਹੋਵੇਗਾ ਅਤੇ ਨੌਕਰੀ ਛੱਡਣ ਵਾਲਿਆਂ ’ਤੇ ‘ਸੇਵਾ ਦੇ ਬੇਹੱਦ ਖ਼ਰਾਬ ਨਿਯਮ ਅਤੇ ਸ਼ਰਤਾਂ’ ਲਾਗੂ ਹੋਣਗੀਆਂ।
ਨੈਰੋਬੀ ਵਿਚ ਕੰਮ ਕਰ ਰਹੀ ਏਅਰਲਾਈਨ ਕੀਨੀਆ ਏਅਰਵੇਜ਼ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਹਵਾਈ ਅੱਡੇ ’ਤੇ ਚੱਲ ਰਹੀ ਹੜਤਾਲ ਕਾਰਨ ਉਡਾਨਾਂ ਦੇ ਸੰਚਾਲਨ ਵਿਚ ਦੇਰੀ ਹੋਵੇਗੀ ਅਤੇ ਸੰਭਵ ਤੌਰ ’ਤੇ ਉਡਾਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ।
ਕੇਂਦਰੀ ਲੇਬਰ ਆਰਗੇਨਾਈਜ਼ੇਸ਼ਨ ਦੇ ਸਕੱਤਰ ਜਨਰਲ ਫਰਾਂਸਿਸ ਅਟਵੋਲੀ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਸਰਕਾਰ ਨੇ ਮਜ਼ਦੂਰਾਂ ਦੀ ਗੱਲ ਸੁਣੀ ਹੁੰਦੀ ਤਾਂ ਹੜਤਾਲ ਤੋਂ ਬਚਿਆ ਜਾ ਸਕਦਾ ਸੀ।ਪਿਛਲੇ ਹਫਤੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਹੜਤਾਲ ’ਤੇ ਜਾਣ ਦੀ ਧਮਕੀ ਦਿਤੀ ਸੀ ਪਰ ਸਰਕਾਰ ਨਾਲ ਗੱਲਬਾਤ ਹੋਣ ਤਕ ਹੜਤਾਲ ਵਾਪਿਸ ਲੈ ਲਈ ਸੀ।
ਜਾਣਕਾਰੀ ਮੁਤਾਬਕ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਨਾਲ ਅਣਪਛਾਤੇ ਲੋਕ ਇਲਾਕੇ ’ਚ ਘੁੰਮਦੇ ਦੇਖੇ ਗਏ, ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਨਾਲ ਚਿੰਤਾ ਪੈਦਾ ਹੋ ਗਈ ਕਿ ਭਾਰਤੀ ਕੰਪਨੀ ਦੇ ਅਧਿਕਾਰੀ ਸੌਦੇ ਦੀ ਤਿਆਰੀ ਕਰ ਰਹੇ ਸਨ। ਹਾਈਕੋਰਟ ਨੇ ਸੋਮਵਾਰ ਨੂੰ ਲਾਅ ਸੁਸਾਇਟੀ ਅਤੇ ਕੀਨੀਆ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਦਾਇਰ ਕੇਸ ਦੀ ਸੁਣਵਾਈ ਹੋਣ ਤੱਕ ਸਮਝੌਤੇ ਦੇ ਅਮਲ ’ਤੇ ਅਸਥਾਈ ਤੌਰ ’ਤੇ ਰੋਕ ਲਗਾ ਦਿੱਤੀ।