ਸਿੰਗਾਪੁਰ, 11 ਸਤੰਬਰ (ਪੋਸਟ ਬਿਊਰੋ): ਸਿੰਗਾਪੁਰ ਦੀ ਨਾਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ’ਚ ਭਾਰਤੀ ਮੂਲ ਦੀ ਲੈਕਚਰਾਰ ਨੂੰ ਅੰਗਰੇਜ਼ੀ ਭਾਸ਼ਾ ’ਚ ਲਿਖੀਆਂ ਮਿੰਨੀ ਕਹਾਣੀਆਂ ਦੀ ਕਿਤਾਬ ‘ਨਾਇਨ ਯਾਰਡ ਸਾੜੀਜ਼’ ਲਈ ਸਿੰਗਾਪੁਰ ਸਾਹਿਤਕ ਪੁਰਸਕਾਰ ਮਿਲਿਆ ਹੈ।
ਪ੍ਰਸ਼ਾਂਤੀ ਰਾਮ ਦੀ ਇਹ ਪਹਿਲੀ ਰਚਨਾ 2023 ਦੇ ਅਖੀਰ ’ਚ ਪ੍ਰਕਾਸ਼ਤ ਹੋਈ ਸੀ। ਕਹਾਣੀ ਦਾ ਤਾਣਾ-ਬਾਣਾ ਸਿੰਗਾਪੁਰ, ਸਿਡਨੀ, ਨਿਊਯਾਰਕ ਅਤੇ ਕਨੈਕਟੀਕਟ ’ਚ ਫੈਲੇ ਤਾਮਿਲ ਬ੍ਰਾਹਮਣ ਪਰਿਵਾਰਾਂ ਦੀਆਂ ਪੀੜ੍ਹੀਆਂ ਦੇ ਦੁਆਲੇ ਬੁਣਿਆ ਗਿਆ ਹੈ। ਪੁਰਸਕਾਰ ਮਿਲਣ ’ਤੇ ਪ੍ਰਸ਼ਾਂਤੀ ਨੇ ਕਿਹਾ ਕਿ ਮੈਂ ਇਸ ’ਤੇ ਬਿਲਕੁਲ ਵਿਸ਼ਵਾਸ ਨਹੀਂ ਕਰ ਸਕਦੀ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਫੈਸਲੇ ਲੈਣ ਵਾਲਿਆਂ ਨੇ ‘ਨਾਇਨ ਯਾਰਡ ਸਾੜੀਜ਼’ ਵਿਚ ਗੁਣ ਵੇਖੇ, ਖ਼ਾਸਕਰ ਜਦੋਂ ਮੈਂ ਅਪਣੇ ਮਰਹੂਮ ਪਿਤਾ ਦੀ ਦੇਖਭਾਲ ਕਰਦੇ ਹੋਏ ਇਹ ਕਿਤਾਬ ਲਿਖੀ ਸੀ।
ਵਿਕਟੋਰੀਆ ਥੀਏਟਰ ’ਚ ਮੰਗਲਵਾਰ ਨੂੰ ਇਕ ਪ੍ਰੋਗਰਾਮ ’ਚ ਕਵੀ ਸਿਰਿਲ ਵੋਂਗ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਨੇ ਕਿਹਾ ਕਿ ਉਨ੍ਹਾਂ ਦੀ ਲਿਖਤ ਹੁਨਰਮੰਦ, ਆਤਮਵਿਸ਼ਵਾਸੀ, ਕਈ ਵਾਰ ਵਿਅੰਗ ਵਾਲੀ ਅਤੇ ਬਹੁਤ ਪ੍ਰਭਾਵਸ਼ਾਲੀ ਹੈ।
ਬਿਹਤਰੀਨ ਅੰਗਰੇਜ਼ੀ ਰਚਨਾਤਮਕ ਗ਼ੈਰ-ਕਾਲਪਨਿਕ ਦਾ ਪੁਰਸਕਾਰ ਭਾਰਤੀ ਮੂਲ ਦੀ ਕਲਾਕਾਰ ਸ਼ੁਬਿਗੀ ਰਾਓ ਨੂੰ ਮਿਲਿਆ, ਜਿਨ੍ਹਾਂ ਦੀ ‘ਪਲਪ ਥ੍ਰੀ: ਐਨ ਇੰਟੀਮੇਟ ਇਨਵੈਂਟਰੀ ਆਫ ਦਿ ਬੈਨਿਸ਼ਡ ਬੁੱਕ’ (2022) ਉਨ੍ਹਾਂ ਦੀਆਂ ਕਿਤਾਬਾਂ ’ਤੇ ਤੀਜੀ ਕਿਸਤ ਸੀ।
ਬਿਹਤਰੀਨ ਅੰਗਰੇਜ਼ੀ ਭਾਸ਼ਾ ਦਾ ਪਹਿਲਾ ਇਨਾਮ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੀਰਿਟਸ ਪੀਟਰ ਐਲਿੰਗਰ (91) ਨੂੰ ਮਿਲਿਆ, ਜਿਨ੍ਹਾਂ ਦੀ ਕਿਤਾਬ ‘ਡਾਊਨ ਮੈਮੋਰੀ ਲੇਨ: ਪੀਟਰ ਐਲਿੰਗਰ ਮੈਮੋਇਰਜ਼ (2023)’ ਲਈ ਜਿੱਤ ਨੇ ਉਨ੍ਹਾਂ ਨੂੰ ਸਿੰਗਾਪੁਰ ਸਾਹਿਤਕ ਪੁਰਸਕਾਰ ਦਾ ਸੱਭ ਤੋਂ ਬਜ਼ੁਰਗ ਜੇਤੂ ਬਣਾਇਆ।