ਕੀਵ, 9 ਸਤੰਬਰ (ਪੋਸਟ ਬਿਊਰੋ): ਯੂਕਰੇਨ ਨੇ ਰੂਸੀ ਹਮਲੇ ਦਾ ਜਵਾਬ ਦੇਣ ਲਈ ਖਤਰਨਾਕ 'ਡਰੈਗਨ ਡਰੋਨ' ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਪੋਸਟ ਕੀਤੇ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਡਰੋਨ ਦਰੱਖਤਾਂ ਦੇ ਉੱਪਰ ਉੱਡ ਰਿਹਾ ਹੈ। ਉਹ ਲਾਵਾ ਸੁੱਟ ਰਿਹਾ ਹੈ ਜਿਸ ਕਾਰਨ ਜੰਗਲ ਨੂੰ ਅੱਗ ਲੱਗ ਗਈ ਹੈ।
ਜਾਣਕਾਰੀ ਅਨੁਸਾਰ, ਯੂਕਰੇਨ ਦੀ ਫੌਜ ਨੇ ਰੁੱਖਾਂ ਦੇ ਪਿੱਛੇ ਲੁਕੇ ਰੂਸੀ ਸੈਨਿਕਾਂ ਨੂੰ ਖਤਮ ਕਰਨ ਲਈ ਇਸਦੀ ਵਰਤੋਂ ਕੀਤੀ ਹੈ। ਇਸ ਡਰੋਨ ਵਿੱਚ ਥਰਮਾਈਟ ਦੀ ਵਰਤੋਂ ਕੀਤੀ ਗਈ ਹੈ ਜੋ ਐਲੂਮੀਨੀਅਮ ਪਾਊਡਰ ਅਤੇ ਆਇਰਨ ਆਕਸਾਈਡ ਦਾ ਮਿਸ਼ਰਣ ਹੈ। ਇਹ 4 ਹਜ਼ਾਰ ਡਿਗਰੀ ਫਾਰਨਹੀਟ ਦੇ ਤਾਪਮਾਨ 'ਤੇ ਸੜਦਾ ਹੈ।
ਜਦੋਂ ਇਹ ਡਰੋਨ ਉੱਡਦਾ ਹੈ, ਇਹ ਅੱਗ ਦਾ ਲਾਵਾ ਛੱਡਦਾ ਹੈ ਜੋਕਿ ਕਹਾਣੀਆਂ ਦੇ ਡਰੈਗਨ ਵਰਗਾ ਦਿਖਾਈ ਦਿੰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਡਰੈਗਨ ਡਰੋਨ ਕਿਹਾ ਜਾਂਦਾ ਹੈ। ਇਸ ਡਰੋਨ ਤੋਂ ਨਿਕਲਣ ਵਾਲਾ ਲਾਵਾ ਨਾ ਸਿਰਫ ਦਰੱਖਤਾਂ ਨੂੰ ਸਗੋਂ ਸਟੀਲ ਨੂੰ ਵੀ ਪਿਘਲਾ ਸਕਦਾ ਹੈ।