ਟੈਕਸਾਸ, 9 ਸਤੰਬਰ (ਪੋਸਟ ਬਿਊਰੋ): ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਵਜੋਂ ਪਹਿਲੀ ਵਾਰ ਵਿਦੇਸ਼ ਦੌਰੇ 'ਤੇ ਹਨ। ਉਹ ਐਤਵਾਰ ਨੂੰ ਅਮਰੀਕਾ ਦੇ ਟੈਕਸਾਸ ਰਾਜ ਪਹੁੰਚੇ। ਇੱਥੇ ਉਨ੍ਹਾਂ ਨੇ 2 ਪ੍ਰੋਗਰਾਮਾਂ 'ਚ ਹਿੱਸਾ ਲਿਆ। ਪਹਿਲਾਂ ਉਹ ਡਲਾਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ।
ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਯੂਨੀਵਰਸਿਟੀ ਆਫ ਟੈਕਸਾਸ ਦੇ ਵਿਦਿਆਰਥੀਆਂ ਨਾਲ ਭਾਰਤੀ ਰਾਜਨੀਤੀ, ਅਰਥ ਵਿਵਸਥਾ ਅਤੇ ਭਾਰਤ ਜੋੜੋ ਯਾਤਰਾ ਸਮੇਤ ਕਈ ਮੁੱਦਿਆਂ 'ਤੇ ਚਰਚਾ ਕੀਤੀ।
ਰਾਹੁਲ ਨੇ ਕਿਹਾ ਕਿ ਭਾਰਤ ਵਿੱਚ ਹਰ ਚੀਜ਼ ਚੀਨ ਵਿੱਚ ਬਣੀ ਹੈ। ਚੀਨ ਨੇ ਉਤਪਾਦਨ 'ਤੇ ਧਿਆਨ ਦਿੱਤਾ ਹੈ, ਇਸ ਲਈ ਚੀਨ ਵਿੱਚ ਰੁਜ਼ਗਾਰ ਦੀ ਕੋਈ ਸਮੱਸਿਆ ਨਹੀਂ ਹੈ।
ਇਸ ਮੌਕੇ 'ਤੇ ਬੋਲਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ ਨੇ ਕਿਹਾ ਕਿ ਰਾਹੁਲ ਗਾਂਧੀ ਪੱਪੂ ਨਹੀਂ ਹਨ, ਉਹ ਪੜ੍ਹੇ-ਲਿਖੇ ਅਤੇ ਕਿਸੇ ਵੀ ਮੁੱਦੇ 'ਤੇ ਡੂੰਘੀ ਸੋਚ ਵਾਲੇ ਹਨ।
ਪ੍ਰੋਗਰਾਮ 'ਚ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਦੇ ਨੇਤਾ ਵਜੋਂ ਜਿ਼ੰਮੇਵਾਰੀ, ਭਾਰਤ ਦੀ ਆਰਥਿਕ ਸਥਿਤੀ, ਰੁਜ਼ਗਾਰ ਸਮੇਤ 6 ਮੁੱਦਿਆਂ 'ਤੇ ਆਪਣੀ ਰਾਏ ਜ਼ਾਹਰ ਕੀਤੀ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਭੂਮਿਕਾ ਸੰਸਦ ਵਿੱਚ ਸਰਕਾਰ ਵਿਰੁੱਧ ਬੋਲਣ ਅਤੇ ਉਨ੍ਹਾਂ ਨੂੰ ਤਾਨਾਸ਼ਾਹ ਬਣਨ ਤੋਂ ਰੋਕਣ ਤੱਕ ਸੀਮਤ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮੇਰੀ ਭੂਮਿਕਾ ਭਾਰਤੀ ਰਾਜਨੀਤੀ ਵਿੱਚ ਪਿਆਰ, ਸਤਿਕਾਰ ਅਤੇ ਨਿਮਰਤਾ ਲਿਆਉਣਾ ਹੈ। ਪਿਆਰ ਅਤੇ ਸਤਿਕਾਰ ਸਿਰਫ ਤਾਕਤਵਰ ਲੋਕਾਂ ਲਈ ਨਹੀਂ, ਸਗੋਂ ਉਨ੍ਹਾਂ ਸਾਰਿਆਂ ਲਈ ਹੈ ਜੋ ਦੇਸ਼ ਦੇ ਨਿਰਮਾਣ ਵਿੱਚ ਲੱਗੇ ਹੋਏ ਹਨ।
ਅਮਰੀਕਾ ਵਾਂਗ, ਭਾਰਤ ਵਿੱਚ ਵੀ ਕੋਈ ਵੀ ਰਾਜ ਦੂਜੇ ਤੋਂ ਉੱਤਮ ਨਹੀਂ ਹੈ। ਕੋਈ ਵੀ ਧਰਮ ਜਾਂ ਭਾਸ਼ਾ ਕਿਸੇ ਹੋਰ ਭਾਸ਼ਾ ਨਾਲੋਂ ਉੱਤਮ ਨਹੀਂ ਹੈ। ਲੋਕਾਂ ਦੇ ਵਿਚਾਰਾਂ ਨੂੰ ਉਨ੍ਹਾਂ ਦੀ ਜਾਤ, ਭਾਸ਼ਾ, ਧਰਮ, ਪ੍ਰੰਪਰਾ ਜਾਂ ਇਤਿਹਾਸ ਦੀ ਪ੍ਰਵਾਹ ਕੀਤੇ ਬਿਨ੍ਹਾਂ ਥਾਂ ਦਿੱਤੀ ਜਾਣੀ ਚਾਹੀਦੀ ਹੈ।
ਆਰਐੱਸਐੱਸ ਨੂੰ ਲੱਗਦਾ ਹੈ ਕਿ ਭਾਰਤ ਇੱਕ ਵਿਚਾਰ `ਤੇ ਬਣਿਆ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਭਾਰਤ ਬਹੁਤ ਸਾਰੇ ਵਿਚਾਰਾਂ ਤੋਂ ਬਣਿਆ ਹੈ। ਚੋਣਾਂ 'ਚ ਲੱਖਾਂ ਲੋਕਾਂ ਨੇ ਮਹਿਸੂਸ ਕੀਤਾ ਕਿ ਪ੍ਰਧਾਨ ਮੰਤਰੀ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ। ਇਸ ਲਈ ਜਦੋਂ ਮੈਂ ਚੋਣਾਂ ਵੇਲੇ ਸੰਵਿਧਾਨ ਆਪਣੇ ਹੱਥ ਵਿਚ ਫੜ੍ਹਿਆ ਸੀ ਤਾਂ ਲੋਕ ਸਮਝ ਗਏ ਸਨ ਕਿ ਭਾਜਪਾ ਸਾਡੀ ਪ੍ਰੰਪਰਾ, ਭਾਸ਼ਾ, ਰਾਜਾਂ ਅਤੇ ਸਾਡੇ ਇਤਿਹਾਸ 'ਤੇ ਹਮਲਾ ਕਰ ਰਹੀ ਹੈ।
ਮੈਂ ਸੰਸਦ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਅਭਯਾ ਮੁਦਰਾ ਦਾ ਜਿ਼ਕਰ ਕੀਤਾ ਸੀ। ਭਾਜਪਾ ਇਸ ਨੂੰ ਬਰਦਾਸ਼ਤ ਨਹੀਂ ਕਰ ਸਕੀ। ਉਹ ਇਸਨੂੰ ਸਮਝ ਨਹੀਂ ਸਕੇ, ਪਰ ਅਸੀਂ ਇਸਨੂੰ ਸਮਝਾਵਾਂਗੇ। ਚੋਣਾਂ ਤੋਂ ਬਾਅਦ ਲੋਕਾਂ ਦਾ ਭਾਜਪਾ ਤੋਂ ਡਰ ਖਤਮ ਹੋ ਗਿਆ।