ਕਾਬੁਲ, 9 ਸਤੰਬਰ (ਪੋਸਟ ਬਿਊਰੋ): ਤਾਲਿਬਾਨ ਦੇ ਕਬਜ਼ੇ ਵਾਲੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਐਤਵਾਰ ਰਾਤ ਨੂੰ ਭਾਰੀ ਗੋਲੀਬਾਰੀ ਹੋਈ। ਪਾਕਿਸਤਾਨੀ ਵੈੱਬਸਾਈਟ ਜੀਓ ਨਿਊਜ਼ ਮੁਤਾਬਕ ਇਸ 'ਚ ਘੱਟੋ-ਘੱਟ 8 ਤਾਲਿਬਾਨੀ ਲੜਾਕੇ ਮਾਰੇ ਗਏ। ਇਸ ਦੌਰਾਨ 16 ਜ਼ਖਮੀ ਹੋਏ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਖੋਸਤ ਸੂਬੇ 'ਚ ਸਰਹੱਦ 'ਤੇ ਰਾਤ 9 ਵਜੇ ਦੋਨਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋਈ, ਜੋ ਚਾਰ ਘੰਟੇ ਤੱਕ ਜਾਰੀ ਰਹੀ।
ਸੀਮਾ ਸੁਰੱਖਿਆ ਕਰਮਚਾਰੀਆਂ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮਾਰੇ ਗਏ ਲੋਕਾਂ 'ਚ ਅਫਗਾਨ ਤਾਲਿਬਾਨ ਦੇ ਦੋ ਸੀਨੀਅਰ ਕਮਾਂਡਰ ਖਲੀਲ ਅਤੇ ਜਾਨ ਮੁਹੰਮਦ ਸ਼ਾਮਿਲ ਹਨ। ਇਸ ਝੜਪ ਵਿੱਚ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਪਹਿਲਾਂ ਵੀ 4 ਸਤੰਬਰ ਦੀ ਰਾਤ ਨੂੰ ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਗੋਲੀਬਾਰੀ ਹੋਈ ਸੀ। ਦਰਅਸਲ, ਤਾਲਿਬਾਨ ਸਰਕਾਰ ਪਾਕਿਸਤਾਨ ਨਾਲ ਜੁੜੇ ਸਰਹੱਦੀ ਇਲਾਕਿਆਂ ਵਿੱਚ ਨਵੀਆਂ ਚੌਕੀਆਂ ਦਾ ਨਿਰਮਾਣ ਕਰ ਰਹੀ ਹੈ। ਇਹੀ ਕਾਰਨ ਹੈ ਕਿ ਹਰ ਰੋਜ਼ ਦੋਨਾਂ ਧਿਰਾਂ ਵਿਚਾਲੇ ਝੜਪਾਂ ਹੋ ਰਹੀਆਂ ਹਨ।
ਇੱਕ ਕਾਲਪਨਿਕ ਡੂਰੰਡ ਲਾਈਨ ਪਾਕਿਸਤਾਨ ਅਤੇ ਅਫਗਾਨਿਸਤਾਨ ਨੂੰ ਵੱਖ ਕਰਦੀ ਹੈ, ਪਰ ਅਫਗਾਨਿਸਤਾਨ ਇਸ ਨੂੰ ਮਾਨਤਾ ਨਹੀਂ ਦਿੰਦਾ। ਅਫਗਾਨਿਸਤਾਨ ਦਾ ਮੰਨਣਾ ਹੈ ਕਿ ਇਹ ਲਾਈਨ ਬ੍ਰਿਟਿਸ਼ ਅਫਸਰਾਂ ਦੁਆਰਾ ਜਾਣਬੁੱਝ ਕੇ ਪਸ਼ਤੋ ਭਾਈਚਾਰੇ ਨੂੰ ਵੰਡਣ ਲਈ ਖਿੱਚੀ ਗਈ ਸੀ।