ਇਸਲਾਮਾਬਾਦ, 8 ਸਤੰਬਰ (ਪੋਸਟ ਬਿਊਰੋ): ਪਹਿਲੀ ਵਾਰ ਪਾਕਿਸਤਾਨੀ ਫੌਜ ਨੇ ਕਾਰਗਿਲ ਯੁੱਧ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ। ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੇ ਇਕ ਪ੍ਰੋਗਰਾਮ ਦੌਰਾਨ ਮੰਨਿਆ ਕਿ ਪਾਕਿਸਤਾਨੀ ਫੌਜ ਕਾਰਗਿਲ ਜੰਗ 'ਚ ਸ਼ਾਮਿਲ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਖਿਲਾਫ ਜੰਗ 'ਚ ਮਾਰੇ ਗਏ ਪਾਕਿਸਤਾਨ ਦੇ ਲੋਕਾਂ ਦੇ ਸਨਮਾਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਮੁਨੀਰ ਨੇ ਕਿਹਾ, ''ਪਾਕਿਸਤਾਨੀ ਭਾਈਚਾਰਾ ਬਹਾਦਰ ਲੋਕਾਂ ਦਾ ਅਜਿਹਾ ਭਾਈਚਾਰਾ ਹੈ ਜੋ ਆਜ਼ਾਦੀ ਦੀ ਕੀਮਤ ਚੁਕਾਉਣਾ ਜਾਣਦੇ ਹਨ। 1948, 1965, 1971 ਜਾਂ 1999 ਦੀ ਕਾਰਗਿਲ ਜੰਗ ਹੋਵੇ, ਹਜ਼ਾਰਾਂ ਸੈਨਿਕਾਂ ਨੇ ਇਸਲਾਮ ਅਤੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।"
ਪਾਕਿਸਤਾਨੀ ਫੌਜ ਮੁਖੀ ਨੇ ਇਹ ਬਿਆਨ 6 ਸਤੰਬਰ ਨੂੰ ਦਿੱਤਾ ਸੀ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨੀ ਫੌਜ ਦੇ ਕਿਸੇ ਅਧਿਕਾਰੀ ਨੇ ਜੰਗ ਵਿੱਚ ਪਾਕਿਸਤਾਨੀ ਸੈਨਿਕਾਂ ਦੀ ਸ਼ਹਾਦਤ ਬਾਰੇ ਗੱਲ ਕੀਤੀ ਹੈ।
ਹੁਣ ਤੱਕ ਪਾਕਿਸਤਾਨ ਇਹ ਦਾਅਵਾ ਕਰਦਾ ਰਿਹਾ ਹੈ ਕਿ ਕਾਰਗਿਲ ਜੰਗ ਕਸ਼ਮੀਰ ਦੇ ਮੁਜਾਹਿਦਾਂ ਨੇ ਸ਼ੁਰੂ ਕੀਤੀ ਸੀ। ਇਸ ਵਿਚ ਪਾਕਿਸਤਾਨ ਦੀ ਕੋਈ ਭੂਮਿਕਾ ਨਹੀਂ ਸੀ। ਇਸ ਦੇ ਨਾਲ ਹੀ ਭਾਰਤ ਲਗਾਤਾਰ ਦੋਸ਼ ਲਾਉਂਦਾ ਰਿਹਾ ਹੈ ਕਿ ਕਾਰਗਿਲ ਜੰਗ ਪਾਕਿਸਤਾਨ ਵੱਲੋਂ ਐੱਲਓਸੀ (ਲਾਈਨ ਆਫ਼ ਕੰਟਰੋਲ) ਨੂੰ ਬਦਲ ਕੇ ਕਸ਼ਮੀਰ 'ਤੇ ਕਬਜ਼ਾ ਕਰਨ ਦੀ ਸੋਚੀ ਸਮਝੀ ਸਾਜਿ਼ਸ਼ ਸੀ।