ਪਿਓਂਗਯਾਂਗ, 4 ਸਤੰਬਰ (ਪੋਸਟ ਬਿਊਰੋ): ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦਾ ਤਾਨਾਸ਼ਾਹੀ ਚਿਹਰਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ 'ਚ ਹੜ੍ਹਾਂ ਨੂੰ ਰੋਕਣ 'ਚ ਨਾਕਾਮ ਰਹਿਣ 'ਤੇ 30 ਸਰਕਾਰੀ ਅਧਿਕਾਰੀਆਂ ਨੂੰ ਫਾਂਸੀ ਦਿੱਤੀ ਗਈ। ਕੁਝ ਹੋਰ ਅਫਸਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉੱਤਰੀ ਕੋਰੀਆ ਵਿੱਚ ਹੁਣ ਤੱਕ ਹੜ੍ਹ ਕਾਰਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚਾਂਗਾਂਗ ਸੂਬੇ ਵਿਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਚੋਸੁਨ ਟੀਵੀ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਦੀ ਸਰਕਾਰ ਨੇ ਉਨ੍ਹਾਂ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਸਹੁੰ ਖਾਧੀ ਹੈ ਜਿਨ੍ਹਾਂ `ਤੇ ਮੌਤਾਂ ਦੀ ਗਿਣਤੀ ਨੂੰ ਰੋਕਣ ਵਿੱਚ ਨਾਕਾਮ ਰਹਿਣ ਦਾ ਦੋਸ਼ ਹੈ। ਚੋਸੁਨ ਟੀਵੀ ਨੇ ਉੱਤਰੀ ਕੋਰੀਆ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਜਿ਼ੰਮੇਵਾਰ ਲੋਕਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਮਹੀਨੇ ਦੇ ਅਖੀਰ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦੇ 20 ਤੋਂ 30 ਅਧਿਕਾਰੀ ਇਕੱਠੇ ਮਾਰੇ ਗਏ ਸਨ।
ਉੱਤਰੀ ਕੋਰੀਆ ਦੀ ਕੇਂਦਰੀ ਸਮਾਚਾਰ ਏਜੰਸੀ (ਕੇਸੀਐੱਨਏ) ਨੇ ਰਿਪੋਰਟ ਦਿੱਤੀ ਕਿ ਕਿਮ ਜੋਂਗ ਉਨ ਨੇ ਜੁਲਾਈ ਵਿੱਚ ਚੀਨ ਦੀ ਸਰਹੱਦ ਨੇੜੇ ਚਾਗਾਂਗ ਸੂਬੇ ਵਿੱਚ ਤਬਾਹਕੁਨ ਹੜ੍ਹਾਂ ਤੋਂ ਬਾਅਦ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦੇਣ ਦਾ ਹੁਕਮ ਦਿੱਤਾ ਸੀ। ਕੇਸੀਐੱਨਏ ਅਨੁਸਾਰ, ਸਿਨੁਈਜੂ ਵਿੱਚ ਹੋਈ ਇੱਕ ਐਮਰਜੈਂਸੀ ਪੋਲਿਤ ਬਿਊਰੋ ਦੀ ਮੀਟਿੰਗ ਵਿੱਚ, ਕਿਮ ਜੋਂਗ ਉਨ ਨੇ ਆਪਣੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਲੋਕਾਂ ਨੂੰ ਸਖ਼ਤ ਸਜ਼ਾ ਦੇਣ ਜੋ ਆਫ਼ਤ ਪ੍ਰਬੰਧਨ ਲਈ ਆਪਣੀਆਂ ਜਿ਼ੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ।