ਵਾਸਿ਼ੰਗਟਨ, 11 ਅਗਸਤ (ਪੋਸਟ ਬਿਊਰੋ): ਅਮਰੀਕਾ 'ਚ ਬਾਇਡਨ ਸਰਕਾਰ ਨੇ ਸਾਊਦੀ ਅਰਬ ਨੂੰ ਖਤਰਨਾਕ ਹਥਿਆਰ ਵੇਚਣ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜਾਣਕਾਰੀ ਮੁਤਾਬਕ ਅਮਰੀਕਾ ਸਾਊਦੀ ਨੂੰ ਹਵਾਈ ਤੋਂ ਜ਼ਮੀਨੀ ਹਮਲਾ ਕਰਨ ਵਾਲੇ ਹਥਿਆਰ ਟਰਾਂਸਫਰ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਵਿਭਾਗ ਨੇ ਪਾਬੰਦੀ ਹਟਾ ਦਿੱਤੀ ਹੈ।
ਦਰਅਸਲ, ਸਾਲ 2021 ਵਿੱਚ, ਯਮਨ ਦੇ ਹੂਤੀ ਬਾਗੀਆਂ ਵਿਰੁੱਧ ਸਾਊਦੀ ਦੀ ਜੰਗ ਵਿੱਚ ਆਮ ਨਾਗਰਿਕ ਮਰ ਰਹੇ ਸਨ। ਇਸ ਦੇ ਵਿਰੋਧ ਵਿਚ ਅਮਰੀਕਾ ਨੇ ਇਸ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ 2022 ਵਿੱਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਯਮਨ ਅਤੇ ਸਾਊਦੀ ਵਿਚਾਲੇ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ ਸਾਊਦੀ ਨੇ ਉੱਥੇ ਹਵਾਈ ਹਮਲੇ ਬੰਦ ਕਰ ਦਿੱਤੇ।
ਅਮਰੀਕੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਊਦੀ ਨੇ ਸੌਦੇ ਦਾ ਆਪਣਾ ਹਿੱਸਾ ਪੂਰਾ ਕਰ ਲਿਆ ਹੈ ਅਤੇ ਹੁਣ ਅਸੀਂ ਆਪਣਾ ਵਾਅਦਾ ਨਿਭਾਵਾਂਗੇ। ਅਮਰੀਕੀ ਕਾਨੂੰਨ ਮੁਤਾਬਕ ਕਿਸੇ ਵੀ ਦੇਸ਼ ਨੂੰ ਵੱਡੇ ਹਥਿਆਰਾਂ ਦੀ ਸਪਲਾਈ ਕਰਨ ਤੋਂ ਪਹਿਲਾਂ ਸੰਸਦ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਡੈਮੋਕ੍ਰੇਟਿਕ ਅਤੇ ਰਿਪਬਲਿਕਨ ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਯਮਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਮੁੱਦਾ ਉਠਾਇਆ ਹੈ ਅਤੇ ਸਾਊਦੀ ਅਰਬ ਨੂੰ ਹਥਿਆਰਾਂ ਦੀ ਸਪਲਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਵਿਰੋਧ ਘੱਟ ਗਿਆ ਹੈ।