ਢਾਕਾ, 6 ਅਗਸਤ (ਪੋਸਟ ਬਿਊਰੋ): ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਤੋਂ ਬਾਅਦ ਉੱਥੇ ਸਥਿਤੀ ਕਾਬੂ ਤੋਂ ਬਾਹਰ ਹੁੰਦੀ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਇਕ ਜੇਲ 'ਚੋਂ 500 ਕੈਦੀ ਫਰਾਰ ਹੋ ਗਏ ਹਨ। ਹਥਿਆਰਬੰਦ ਲੋਕਾਂ ਨੇ ਜੇਲ੍ਹ ਨੂੰ ਅੱਗ ਲਗਾ ਦਿੱਤੀ। ਵੱਡੇ ਪੱਧਰ 'ਤੇ ਅੱਗਜ਼ਨੀ ਅਤੇ ਹਿੰਸਾ ਵੀ ਭੜਕੀ ਹੋਈ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ੇਖ ਮੁਜੀਬੁਰ ਰਹਿਮਾਨ ਦੀ ਮੂਰਤੀ ਨੂੰ ਤੋੜ ਦਿੱਤਾ ਹੈ। ਇਸ ਦੀਆਂ ਵਡਿੀਓਜ਼ ਵੀ ਸਾਹਮੇ ਆਈਆਂ ਹਨ।
ਬੰਗਲਾਦੇਸ਼ ਤੋਂ ਸਾਹਮਣੇ ਆਏ ਵੀਡੀਓ 'ਚ ਪ੍ਰਦਰਸ਼ਨਕਾਰੀ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਮੂਰਤੀ 'ਤੇ ਚੜ੍ਹ ਕੇ ਇਸ ਨੂੰ ਤੋੜਦੇ ਨਜ਼ਰ ਆ ਰਹੇ ਹਨ। ਪ੍ਰਦਰਸ਼ਨਕਾਰੀ ਇੰਨੇ ਭੜਕ ਗਏ ਹਨ ਕਿ ਉਨ੍ਹਾਂ ਨੇ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਵਜੋਂ ਜਾਣੇ ਜਾਂਦੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੀ ਮੂਰਤੀ ਨੂੰ ਬੁਲਡੋਜ਼ਰ ਨਾਲ ਤੋੜ ਦਿੱਤਾ। ਦੇਸ਼ ਵਿਆਪੀ ਕਰਫਿਊ ਦੀ ਉਲੰਘਣਾ ਕਰਦੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀ ਢਾਕਾ ਦੇ ਸ਼ਾਹਬਾਗ ਚੌਰਾਹੇ 'ਤੇ ਲੰਬੇ ਮਾਰਚ ਲਈ ਇਕੱਠੇ ਹੋਏ। ਇਸ ਤੋਂ ਪਹਿਲਾਂ ਐਤਵਾਰ ਨੂੰ ਹੋਈ ਹਿੰਸਾ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।