Welcome to Canadian Punjabi Post
Follow us on

21

January 2025
 
ਨਜਰਰੀਆ

ਭੀੜਾਂ ਦੀ ਭਾਜੜ ਵਿੱਚ ਮਰਦੇ ਲੋਕ ਤੇ ਚਿੰਤਾ ਸਿਰਫ ਮੁਆਵਜ਼ੇ ਦੇਣ ਦੇ ਐਲਾਨਾਂ ਤੱਕ ਸੀਮਤ!

July 07, 2024 08:51 PM

-ਜਤਿੰਦਰ ਪਨੂੰ
ਸਾਡਾ ਦੇਸ਼ ਭਾਰਤ ਤਰੱਕੀ ਕਰੇ, ਦੁਨੀਆ ਭਰ ਦੇ ਦੇਸ਼ਾਂ ਦਾ ਮੋਹਰੀ ਬਣੇ, ਸਾਡੀ ਕੋਈ ਟੀਮ ਕਿਸੇ ਖੇਡ ਵਿੱਚ ਵੀ ਸੰਸਾਰ ਪੱਧਰ ਦਾ ਮੁਕਾਬਲਾ ਜਿੱਤ ਜਾਵੇ ਤਾਂ ਇਸ ਦੀ ਖੁਸ਼ੀ ਸਾਰੇ ਭਾਰਤੀ ਮਨਾਉਂਦੇ ਹਨ, ਅਸੀਂ ਵੀ ਇਸ ਤੋਂ ਕਦੇ ਲਾਂਭੇ ਰਹਿਣ ਬਾਰੇ ਨਹੀਂ ਸੋਚਿਆ। ਭਾਰਤ ਕਿਸੇ ਦਿਨ ਸੱਚਮੁੱਚ ‘ਵਿਸ਼ਵ ਗੁਰੂ’ ਹੋਣ ਦਾ ਦਰਜਾ ਅਮਲ ਵਿੱਚ ਹਾਸਲ ਕਰ ਲਵੇ ਤਾਂ ਭਾਰਤੀ ਹੋਣ ਕਾਰਨ ਸਾਰੇ ਭਾਰਤੀਆਂ ਵਾਂਗ ਸਾਨੂੰ ਵੀ ਦਿਲੋਂ ਖੁਸ਼ੀ ਹੋਵੇਗੀ, ਪਰ ਉਹ ਦਿਨ ਕਦੋਂ ਆਵੇਗਾ, ਇਸ ਦਾ ਕੋਈ ਅੰਦਾਜ਼ਾ ਇਸ ਕਰ ਕੇ ਨਹੀਂ ਲਾਇਆ ਜਾ ਸਕਦਾ ਕਿ ਜਿਹੜੇ ਲੋਕ ਇਹ ਦਾਅਵਾ ਕਰਦੇ ਹਨ, ਉਹ ਰਾਜਨੀਤੀ ਦੇ ਖੇਤਰ ਵਿੱਚ ਏਦਾਂ ਦੀਆਂ ਗੱਲਾਂ ਕਰੀ ਜਾਂਦੇ ਹਨ ਕਿ ਉਨ੍ਹਾਂ ਦੇ ਕਹੇ ਦਾ ਯਕੀਨ ਨਹੀਂ ਹੁੰਦਾ। ਉਂਝ ਇਹ ਵਿਸ਼ਵ ਗੁਰੂ ਦਾ ਦਾਅਵਾ ਅਸੀਂ ਏਨੀ ਵਾਰ ਸੁਣ ਚੁੱਕੇ ਹਾਂ ਕਿ ਜਦੋਂ ਕਦੇ ਸੁਫਨੇ ਵਿੱਚ ਭਾਰਤ ਦਾ ਨਕਸ਼ਾ ਵੀ ਨਜ਼ਰ ਆ ਜਾਵੇ ਤਾਂ ਓਸੇ ਨੂੰ ਇਸ ਦਾਅਵੇ ਦੀ ਪ੍ਰਾਪਤੀ ਦਾ ਟਾਈਮ ਟੇਬਲ ਪੁੱਛਣ ਲੱਗਦੇ ਹਾਂ। ਸੁਫਨਾ ਤਾਂ ਸੁਫਨਾ ਹੁੰਦਾ ਹੈ, ਉਸ ਵਿੱਚ ਕੁਝ ਕਿਸੇ ਨੇ ਕਿਹਾ ਵੀ ਹੋਵੇ ਤਾਂ ਨਾ ਉਹ ਬਹੁਤਾ ਸਪੱਸ਼ਟ ਹੁੰਦਾ ਹੈ ਤੇ ਨਾ ਅੱਖ ਖੁੱਲ੍ਹਣ ਮਗਰੋਂ ਉਸ ਬਾਰੇ ਸੋਚਣ ਲਈ ਆਪਣਾ ਸਿਰ ਖਪਾਉਣ ਦੀ ਕਿਸੇ ਨੂੰ ਲੋੜ ਮਹਿਸੂਸ ਹੁੰਦੀ ਹੈ। ਫਿਰ ਵੀ ਇਹ ਦਾਅਵੇ ਕੀਤੇ ਜਾਂਦੇ ਰਹਿੰਦੇ ਹਨ ਅਤੇ ਦਾਅਵੇ ਉਹ ਵੱਡੇ ਲੋਕ ਕਰੀ ਜਾਂਦੇ ਹਨ, ਜਿਨ੍ਹਾਂ ਦੀ ਗੱਲ ਕੋਈ ਸੁਣਨਾ ਚਾਹੇ ਜਾਂ ਨਾ, ਦੇਸ਼ ਦਾ ਮੀਡੀਆ ਸਾਨੂੰ ਸੁਣਾਉਣ ਲਈ ਸਮੁੱਚਾ ਜ਼ੋਰ ਲਾਈ ਰੱਖਦਾ ਹੈ। ਇਸ ਲਈ ਸਾਰਾ ਨਹੀਂ ਤਾਂ ਨਾ ਸਹੀ, ਕੁਝ ਨਾ ਕੁਝ ਅਸਰ ਸਾਡੇ ਸਾਰਿਆਂ ਉੱਤੇ ਵੀ ਹੋ ਸਕਦਾ ਹੈ।
ਅਸੀਂ ਪਹਿਲਾਂ ਕਹਿ ਦਿੱਤਾ ਹੈ ਕਿ ਇਹ ਸੋਹਣੇ ਜਾਪ ਰਹੇ ਦਾਅਵੇ ਕਰਨ ਵਾਲੇ ਲੋਕਾਂ ਦਾ ਭਰੋਸਾ ਖਾਸ ਨਹੀਂ ਰਹਿ ਗਿਆ, ਇਸ ਲਈ ਅਸੀਂ ਇਸ ਦਾਅਵੇ ਜਾਂ ਸੁਫਨੇ ਬਾਰੇ ਬਹੁਤਾ ਸੋਚਣ ਦੀ ਥਾਂ ਦੇਸ਼ ਅੰਦਰਲੀਆਂ ਹਕੀਕਤਾਂ ਬਾਰੇ ਸੋਚਣ ਦੀ ਵੱਧ ਲੋੜ ਸਮਝਦੇ ਹਾਂ। ਹਕੀਕਤਾਂ ਕੀ ਅਤੇ ਕਿੰਨੀਆਂ ਬੇਰਹਿਮ ਹਨ, ਇਸ ਦਾ ਅੰਦਾਜ਼ਾ ਪਿਛਲੇ ਹਫਤੇ ਉੱਤਰ ਪ੍ਰਦੇਸ਼ ਵਿੱਚ ਇੱਕ ਭਾਜੜ ਦੌਰਾਨ ਸਵਾ ਸੌ ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋਣ ਕਾਰਨ ਲੱਗ ਜਾਂਦਾ ਹੈ। ਭਾਰਤ ਦੇ ਕਿਸੇ ਰਾਜ ਵਿੱਚ ਹੋਏ ਕਿਸੇ ਧਾਰਮਿਕ ਰੰਗਤ ਵਾਲੇ ਸਮਾਗਮ ਜਾਂ ਕਿਸੇ ਮਾਨਤਾ ਪ੍ਰਾਪਤ ਧਾਰਮਿਕ ਅਸਥਾਨ ਵਿੱਚ ਏਦਾਂ ਦੀ ਭਾਜੜ ਪੈਣ ਅਤੇ ਬਹੁਤ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਇਹ ਕੋਈ ਪਹਿਲਾ ਕੇਸ ਨਹੀਂ। ਜਦੋਂ ਇਹ ਪਹਿਲਾ ਕੇਸ ਨਹੀਂ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਦੁਖਾਂਤ ਭਾਰਤ ਦੇ ਲੋਕਾਂ ਵਾਸਤੇ ਇਹ ਆਖਰੀ ਵੀ ਨਹੀਂ ਹੋਣਾ, ਅਗਲੇ ਸਮੇਂ ਵਿੱਚ ਅਗਲੀ ਕਿਹੜੀ ਥਾਂ ਕਦੋਂ ਏਦਾਂ ਦੀ ਭਾਜੜ ਕਿੰਨੇ ਲੋਕਾਂ ਦੀ ਜਾਨ ਲੈ ਲਵੇ, ਇਸ ਬਾਰੇ ਕੋਈ ਨਹੀਂ ਜਾਣਦਾ। ਭਾਰਤ ਵਿੱਚ ਇਸ ਵਾਰੀ ਹੋਏ ਇਸ ਦੁਖਾਂਤ ਵਿੱਚ ਇੱਕ ਸੌ ਪੰਝੀ ਦੇ ਕਰੀਬ ਲੋਕ ਮਾਰੇ ਗਏ ਹਨ, ਪਰ ਇਸ ਤੋਂ ਪਹਿਲਾਂ ਏਦੂੰ ਵੀ ਵੱਧ ਲੋਕ ਮਾਰੇ ਜਾਂਦੇ ਰਹੇ ਹਨ ਅਤੇ ਸਰਕਾਰਾਂ ਨੇ ਭਵਿੱਖ ਵਿੱਚ ਏਦਾਂ ਦੇ ਦੁਖਾਂਤ ਵਾਪਰਨ ਤੋਂ ਰੋਕ ਸਕਣ ਵਾਲੀ ਕੋਈ ਨੀਤੀ ਕਦੀ ਬਣਾਈ ਹੀ ਨਹੀਂ ਜਾਪਦੀ। ਤਾਜ਼ਾ ਦੁਖਾਂਤ ਪਿੱਛੋਂ ਅਸੀਂ ਆਪਣੇ ਕੋਲੋਂ ਕੁਝ ਕਹਿਣ ਦੀ ਥਾਂ ਆਪਣੇ ਪਾਠਕਾਂ ਨੂੰ ਦੇਸ਼ ਵਿੱਚ ਹੋਏ ਏਦਾਂ ਦੇ ਦੁਖਾਂਤਾਂ ਦੀ ਲੰਮੀ ਲੜੀ ਉੱਤੇ ਇੱਕ ਝਾਤ ਪਵਾਉਣ ਦੀ ਕੋਸਿ਼ਸ਼ ਕਰਨ ਦੀ ਆਗਿਆ ਚਾਹੁੰਦੇ ਹਾਂ।
ਸਾਲ 1992 ਵਿੱਚ ਇੱਕ ਇਹੋ ਜਿਹਾ ਦੁਖਾਂਤ ਤਾਮਿਲ ਨਾਡੂ ਦੇ ਕੁੰਭਾਕੋਨਮ ਵਿੱਚ ਵਾਪਰਿਆ ਸੀ, ਜਿੱਥੇ ਧਾਰਮਿਕ ਉਤਸਵ ਦੌਰਾਨ ਭਾਜੜ ਮੱਚ ਗਈ ਤੇ ਪੰਜਾਹ ਤੋਂ ਵੱਧ ਲੋਕ ਮਾਰੇ ਗਏ ਸਨ। ਚਰਚਾ ਇਹ ਸੀ ਕਿ ਉਚੇਚੀ ਪਹੁੰਚੀ ਮੁੱਖ ਮੰਤਰੀ ਜੈਲਲਿਤਾ ਨੂੰ ਇਸ਼ਨਾਨ ਕਰਨ ਦੀ ਪਹਿਲ ਦੇਣ ਨਾਲ ਇੱਕ ਪਾਸੇ ਜੁੜੀ ਭੀੜ ਵਧ ਗਈ ਤੇ ਹਾਲਾਤ ਏਨੇ ਵਿਗੜ ਗਏ ਕਿ ਸੁਰੱਖਿਆ ਫੋਰਸਾਂ ਤੋਂ ਕਾਬੂ ਨਹੀਂ ਸਨ ਕੀਤੇ ਜਾ ਸਕੇ ਅਤੇ ਦੁਖਾਂਤ ਵਾਪਰ ਗਿਆ ਸੀ। ਫਿਰ 2010 ਵਿੱਚ ਇੱਕ ਵਾਰੀ ਏਦਾਂ ਦੇ ਉਤਸਵ ਮੌਕੇ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹੀ ਵਿੱਚ ਭਾਜੜ ਮੱਚ ਗਈ ਤੇ ਤਰੇਹਠ ਲੋਕ ਓਥੇ ਮਾਰੇ ਗਏ ਗਏ ਸਨ। ਲੋਕੀਂ ਉਸ ਧਾਰਮਿਕ ਅਸਥਾਨ ਦੇ ਮੁਖੀ ਕ੍ਰਿਪਾਲੂ ਮਹਾਰਾਜ ਦੀ ਪਤਨੀ ਦੀ ਪਹਿਲੀ ਬਰਸੀ ਮੌਕੇ ਸ਼ਰਧਾ ਪੇਸ਼ ਕਰਨ ਲਈ ਪਹੁੰਚੇ ਸਨ। ਸਾਲ 2011 ਵਿੱਚ ਕੇਰਲਾ ਦੇ ਪ੍ਰਸਿੱਧ ਸਾਬਰੀਮਾਲਾ ਮੰਦਰ ਵਿੱਚ ਧਾਰਮਿਕ ਉਤਸਵ ਦੇ ਦੌਰਾਨ ਭੀੜ ਵਿੱਚ ਭਾਜੜ ਮੱਚ ਗਈ ਅਤੇ ਇੱਕ ਸੌ ਛੇ ਲੋਕਾਂ ਦੀ ਮੌਤ ਹੋ ਗਈ ਸੀ। ਨਵੰਬਰ 1994 ਵਿੱਚ ਨਾਗਪੁਰ ਵਿੱਚ ਇੱਕ ਸਮਾਜੀ ਭਾਈਚਾਰੇ ਦੇ ਧਾਰਮਿਕ ਸਮਾਗਮ ਦੌਰਾਨ ਭੀੜ ਕਾਬੂ ਤੋਂ ਬਾਹਰ ਹੁੰਦੀ ਵੇਖ ਕੇ ਪੁਲਸ ਨੂੰ ਲਾਠੀਚਾਰਜ ਕਰਨ ਦੇ ਹੁਕਮ ਮਿਲ ਗਏ ਤਾਂ ਇਸ ਨਾਲ ਭਾਜੜ ਮੱਚ ਗਈ ਅਤੇ ਕੁਝ ਪਲਾਂ ਵਿੱਚ ਇੱਕ ਸੌ ਚੌਦਾਂ ਲੋਕ ਅਣਿਆਈ ਮੌਤ ਕਾਰਨ ਦੁਨੀਆ ਤੋਂ ਤੋਰ ਦਿੱਤੇ ਗਏ ਸਨ। ਅਕਤੂਬਰ 2013 ਵਿੱਚ ਮੱਧ ਪ੍ਰਦੇਸ਼ ਦੇ ਰਤਨਗੜ੍ਹ ਵਿੱਚ ਨਵਰਾਤਰੀ ਮੇਲੇ ਮੌਕੇ ਭੀੜ ਵਿੱਚ ਭਾਜੜ ਮੱਚ ਗਈ ਅਤੇ ਲੋਕ ਇੱਕ ਦੂਸਰੇ ਨੂੰ ਮਿਧਦੇ ਹੋਏ ਬਚਣ ਦਾ ਯਤਨ ਕਰਨ ਲੱਗੇ। ਇਸ ਮੇਲੇ ਵਿੱਚ ਹੋਈ ਭਾਜੜ ਵਿੱਚ ਇੱਕ ਸੌ ਪੰਦਰਾਂ ਲੋਕਾਂ ਦੀ ਮੌਤ ਹੋਈ, ਪਰ ਰਾਜ ਤੇ ਕੇਂਦਰੀ ਸਰਕਾਰਾਂ ਨੇ ਇਹ ਨਹੀਂ ਸੀ ਕਿਹਾ ਕਿ ਏਦਾਂਦੇ ਦੁਖਾਂਤ ਫਿਰ ਨਹੀਂ ਹੋਣ ਦੇਣੇ, ਸਿਰਫ ਮ੍ਰਿਤਕਾਂ ਦੇ ਵਾਰਸਾਂ ਅਤੇ ਪੀੜਤਾਂ ਨੂੰ ਮਾਇਆ ਵੰਡ ਕੇ ਸਾਰ ਲਿਆ ਸੀ।
ਫਿਰ ਵੀ ਜਿਹੜੇ ਦੁਖਾਂਤ ਬਹੁਤ ਵੱਡੇ ਗਿਣੇ ਜਾਂਦੇ ਹਨ ਤੇ ਜਿਨ੍ਹਾਂ ਦੀ ਗੱਲਸੰਸਾਰ ਵਿੱਚ ਵਾਪਰੇ ਏਦਾਂ ਦੇ ਦੁਖਾਂਤਾਂ ਵਿੱਚ ਸ਼ਾਮਲ ਕੀਤੀ ਜਾਂਦੀ ਹੈ, ਉਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਗਵਾਂਢ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਤੀਰਥ ਅਸਥਾਨ ਵਿਖੇ ਇੱਕ ਧਾਰਮਿਕ ਉਤਸਵ ਦੌਰਾਨ ਵਾਪਰਿਆ ਸੀ। ਬਾਅਦ ਦੀ ਰਿਪੋਰਟ ਸੀ ਕਿ ਅਚਾਨਕ ਆਈ ਬਰਸਾਤ ਦੇ ਕਾਰਨ ਇੱਕ ਸ਼ੈੱਡ ਢਹਿ ਜਾਣ ਪਿੱਛੋਂ ਪਹਾੜ ਤੋਂ ਢਿੱਗਾਂ ਡਿੱਗਣ ਦੀ ਅਫਵਾਹ ਫੈਲ ਗਈ ਤੇ ਕਿਸੇ ਸੂਚਨਾ ਪ੍ਰਸਾਰ ਦੀ ਘਾਟ ਕਰਨ ਲੋਕ ਜਾਨਾਂ ਬਚਾਉਣ ਲਈ ਭੱਜਣ ਲੱਗ ਪਏ। ਪੰਜਾਬੀ ਕਹਾਵਤ ਹੈ ਕਿ ਏਦਾਂ ਦੇ ਵਕਤ ਮਾਵਾਂ ਪੁੱਤਰ ਵੀ ਨਹੀਂ ਪਛਾਣਦੀਆਂ ਹੁੰਦੀਆਂ ਅਤੇ ਇਹੋ ਕੁਝ ਓਥੇ ਹੋਇਆ, ਕਿਸੇ ਨੇ ਕਿਸੇ ਵੱਲ ਵੇਖਿਆ ਨਹੀਂ ਕਿ ਉਹ ਕਿੱਥੇ ਹੈ, ਆਪਣੀ ਜਾਨ ਬਚਾਉਣ ਲਈ ਜਦੋਂ ਹਰ ਕੋਈ ਭੱਜ ਉੱਠਿਆ ਤਾਂ ਭਾਜੜ ਰੁਕਣ ਤੱਕ ਇੱਕ ਸੌ ਛਿਆਲੀ ਲੋਕਾਂ ਦੀ ਮੌਤ ਹੋ ਚੁੱਕੀ ਸੀ ਅਤੇ ਡੇਢ ਸੌ ਤੋਂ ਵੱਧ ਜ਼ਖਮੀਆਂ ਦੀ ਗਿਣਤੀ ਇਸ ਤੋਂ ਵੱਖ ਸੀ। ਇਸ ਪਿੱਛੋਂ ਹਿਮਾਚਲ ਪ੍ਰਦੇਸ਼ ਤੇ ਕੇਂਦਰ ਦੀਆਂ ਸਰਕਾਰਾਂ ਨੇ ਹਾਦਸੇ ਦੀ ਜਾਂਚ ਕਰਵਾਉਣ ਅਤੇ ਭਵਿੱਖ ਵਿੱਚ ਏਦਾਂ ਦੇ ਹਾਦਸੇ ਰੋਕਣ ਦੇ ਐਲਾਨ ਤਾਂ ਬਹੁਤ ਕੀਤੇ ਸਨ, ਪਰ ਇਨ੍ਹਾਂ ਬਿਆਨਾਂ ਉੱਤੇ ਅਮਲ ਬਾਰੇ ਜਾਣਕਾਰਲੋਕ ਅੱਜ ਵੀ ਕਹਿੰਦੇ ਹਨ ਕਿ ਪਰਨਾਲਾ ਓਥੇ ਦਾ ਓਥੇ ਹੈ।
ਸਤੰਬਰ 2008 ਵਿੱਚ ਏਦਾਂ ਹੀ ਰਾਜਸਥਾਨ ਦੇ ਪ੍ਰਮੁੱਖ ਸ਼ਹਿਰ ਜੋਧਪੁਰ ਵਿੱਚ ਇੱਕ ਪ੍ਰਸਿੱਧ ਮੰਦਰ ਵਿੱਚ ਭਾਜੜ ਮੱਚ ਗਈ ਸੀ। ਇਹ ਮੰਦਰ ਇੱਕ ਪ੍ਰਮੁੱਖ ਕਿਲ੍ਹੇ ਦੇ ਅੰਦਰ ਹੈ ਅਤੇ ਓਥੇ ਨਵਰਾਤਰੀ ਮੌਕੇ ਪੰਝੀ ਹਜ਼ਾਰ ਦੇ ਕਰੀਬ ਲੋਕ ਸ਼ਰਧਾ ਨਾਲ ਆਏ ਹੋਏ ਸਨ। ਦਰਸ਼ਨਾਂ ਦੀ ਘੜੀ ਉਡੀਕਦੇ ਸ਼ਰਧਾਲੂਆਂ ਨੂੰ ਜਦੋਂ ਇਹ ਪਤਾ ਲੱਗਾ ਕਿ ਕਿਵਾੜ ਖੁੱਲ੍ਹਣ ਦਾ ਸਮਾਂ ਆ ਗਿਆ ਹੈ ਤਾਂ ਕਾਹਲੀ ਪਈ ਹੋਈ ਸ਼ਰਧਾਲੂਆਂ ਦੀ ਭੀੜ ਕਿਵਾੜ ਖੁੱਲ੍ਹਦੇ ਸਾਰ ਇੱਕ ਦੂਸਰੇ ਤੋਂ ਅੱਗੇ ਜਾਣ ਦੇ ਚੱਕਰ ਵਿੱਚ ਭਾਜੜ ਵਿੱਚ ਬਦਲ ਗਈ। ਨਾ ਪ੍ਰਬੰਧਕਾਂ ਦੇ ਪ੍ਰਬੰਧ ਏਨੀ ਭੀੜ ਸੰਭਾਲਣ ਜੋਗੇ ਸਨ ਤੇ ਨਾ ਰਾਜ ਸਰਕਾਰ ਦੇ ਅਧਿਕਾਰੀਆਂ ਨੇ ਇਸ ਬਾਰੇ ਅਗੇਤੀ ਚਿੰਤਾ ਕੀਤੀ ਸੀ। ਨਤੀਜਾ ਇਸ ਦਾ ਇਹ ਨਿਕਲਿਆ ਸੀ ਕਿ ਸ਼ਰਧਾ ਭੇਟ ਕਰਨ ਲਈ ਪਹੁੰਚੇ ਸਵਾ ਦੋ ਸੌ ਲੋਕ ਪਲਾਂ ਵਿੱਚ ਲਾਸ਼ਾਂ ਦੇ ਢੇਰ ਵਿੱਚ ਬਦਲ ਗਏ ਤੇ ਸਰਕਾਰ ਇਹ ਐਲਾਨ ਕਰਨ ਲੱਗ ਪਈ ਸੀ ਕਿ ਮ੍ਰਿਤਕਾਂ ਦੇ ਪਰਵਾਰਾਂ ਨੂੰ ਐਨੇ-ਐਨੇ ਲੱਖ ਅਤੇ ਜ਼ਖਮੀਆਂ ਨੂੰ ਐਨੈ-ਐਨੇ ਹਜ਼ਾਰ ਰੁਪਏ ਦਿੱਤੇ ਜਾਣਗੇ।
ਏਦਾਂ ਦਾ ਇੱਕ ਹੋਰ ਹਾਦਸਾ ਅਤੇ ਇਨ੍ਹਾਂ ਪਿਛਲੇ ਸਾਰਿਆਂ ਤੋਂ ਵੱਡਾ ਦੁਖਾਂਤ ਜਨਵਰੀ 2005 ਵਿੱਚ ਮਹਾਰਾਸ਼ਟਰ ਦੇ ਸਤਾਰਾ ਜਿ਼ਲੇ ਦੇ ਇੱਕ ਧਰਮ ਅਸਥਾਨ ਵਿਖੇ ਹੋਇਆ ਸੀ। ਸਰਕਾਰੀ ਰਿਪੋਰਟਾਂ ਸਨ ਕਿ ਉਸ ਦਿਨ ਓਥੇ ਪੂਜਾ ਲਈ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ ਹੋਏ ਸਨ। ਏਨੇ ਲੋਕਾਂ ਦੇ ਲੰਘਣ ਜਾਂ ਕੁਝ ਨਾ ਕੁਝ ਪੂਜਾ ਦਾ ਸਾਮਾਨ ਡੁੱਲ੍ਹਦਾ ਜਾਣ ਕਾਰਨ ਉਸ ਧਰਮ ਅਸਥਾਨ ਦੀਆਂ ਪੱਥਰ ਦੀਆਂ ਪੌੜੀਆਂ ਉੱਤਲੀ ਤਿਲਕਣ ਵਿੱਚ ਇੱਕ ਜਣਾ ਜਦੋਂ ਸੰਭਲ ਨਾ ਸਕਿਆ ਤਾਂ ਉਸ ਦੇ ਤਿਲਕਣ ਨਾਲ ਇੱਕ ਦੂਸਰੇ ਵਿੱਚ ਵੱਜਦੇ ਲੋਕ ਕੁਝ ਹੇਠਾਂ ਵੱਲ ਰਿੜ੍ਹ ਜਾਣ ਕਾਰਨ ਮਾਰੇ ਗਏ ਤਾਂ ਕੁਝ ਇੱਕ ਦੂਸਰੇ ਦੇ ਪੈਰਾਂ ਹੇਠ ਮਿੱਧੇ ਜਾਣ ਨਾਲ ਮੌਤ ਦੇ ਮੂੰਹ ਜਾ ਪਏ। ਬਾਅਦ ਵਿੱਚ ਰਾਜ ਦੇ ਮੁੱਖ ਮੰਤਰੀ ਤੇ ਉਸ ਦੇ ਮੰਤਰੀਆਂ ਤੋਂ ਸ਼ੁਰੂ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੇ ਸ਼ੋਕ ਸੰਦੇਸ਼ ਟੀ ਵੀ ਚੈਨਲਾਂ ਉੱਤੇ ਪੜ੍ਹੇ ਜਾਣ ਲੱਗ ਪਏ ਤੇ ਉਸ ਹਾਦਸੇ ਦੇ ਕਾਰਨ ਲੱਭਣ ਅਤੇ ਫਿਰ ਏਦਾਂ ਹੋਣ ਤੋਂ ਰੋਕਣ ਦਾ ਮੁੱਦਾ ਪਿੱਛੇ ਪੈ ਗਿਆ। ਰਾਜ ਦੀ ਹਾਈ ਕੋਰਟ ਨੂੰ ਕਿਸੇ ਨੇ ਅਰਜ਼ੀ ਦੇ ਕੇ ਸਰਕਾਰ ਦਾ ਇਹ ਫਰਜ਼ ਯਾਦ ਕਰਾਇਆ ਅਤੇ ਹਾਈ ਕੋਰਟ ਦੇ ਹੁਕਮ ਉੱਤੇ ਜਦੋਂ ਰਿਪੋਰਟ ਪੇਸ਼ ਹੋਈ ਤਾਂ ਪਤਾ ਲੱਗਾ ਕਿ ਉਸ ਦਿਨ ਉਸ ਇੱਕੋ ਹਾਦਸੇ ਵਿੱਚ ਦੋ ਸੌ ਇਕਾਨਵੇਂ ਲੋਕ ਮਾਰੇ ਗਏ ਸਨ, ਮਤਲਬ ਕਿ ਇੱਕੋ ਹਾਦਸਾ ਪੇਂਡੂ ਲੋਕਾਂ ਦੀ ਦੇਸੀ ਬੋਲੀ ਮੁਤਾਬਕ ‘ਨੌਂ ਘੱਟ ਤਿੰਨ ਸੌ’ ਲੋਕਾਂ ਲਈ ਜਾਨਲੇਵਾ ਬਣ ਗਿਆ ਸੀ। ਇਸ ਦਾ ਇਹ ਮਤਲਬ ਨਹੀਂ ਕਿ ਇਹ ਸਭ ਤੋਂ ਵੱਡਾ ਹਾਦਸਾ ਸੀ, ਏਦੂੰ ਵੀ ਵੱਡੇ ਦੁਖਾਂਤ ਦਾ ਜਿ਼ਕਰ ਅਸੀਂ ਅਖੀਰ ਵਿੱਚ ਕਰਨ ਲੱਗੇ ਹਾਂ।
ਭਾਰਤ ਦਾ ਉਹ ਵੱਡਾ ਅਤੇ ਸਭ ਤੋਂ ਵੱਡਾ ਦੁਖਾਂਤ, ਜਿਸ ਦਾ ਜਿ਼ਕਰ ਅਸੀਂ ਇਸ ਵਕਤ ਕਰਨ ਲੱਗੇ ਹਾਂ, ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਫਰਵਰੀ 1954 ਵਿੱਚ ਕੁੰਭ ਦੇ ਮੇਲੇ ਦੌਰਾਨ ਹੋਇਆ ਸੀ। ਸਰਕਾਰੀ ਅੰਦਾਜ਼ਾ ਸੀ ਕਿ ਉਸ ਦਿਨ ਆਈ ਭੀੜ ਦੀ ਗਿਣਤੀ ਚਾਲੀ ਤੋਂ ਪੰਜਾਹ ਲੱਖ ਵਿਚਾਲੇ ਹੋਵੇਗੀ। ਇਹ ਦੇਸ਼ ਨੂੰ ਆਜ਼ਾਦੀ ਮਿਲਣ ਪਿੱਛੋਂ ਦਾ ਪਹਿਲਾ ਕੁੰਭ ਮੇਲਾ ਸੀ ਅਤੇ ਹਿੰਦੂ ਧਰਮ ਵਿੱਚ ਪਵਿੱਤਰ ਗਿਣੀ ਜਾਣ ਵਾਲੀ ਮੌਨੀ ਅਮਾਵਸਿਆ ਦਾ ਦਿਨ ਹੋਣ ਕਾਰਨ ਹਰ ਕੋਈ ‘ਤ੍ਰਿਵੇਣੀ ਦੇ ਸੰਗਮ’, ਗੰਗਾ, ਯਮਨਾ ਅਤੇ ਸਰਸਵਤੀ ਦੇ ਮਿਲਣ ਸਥਾਨ ਉੱਤੇ ਇਸ਼ਨਾਨ ਦਾ ਲਾਭ ਲੈ ਸਕਣ ਦੀ ਕੋਸਿ਼ਸ਼ ਵਿੱਚ ਸੀ। ਅਚਾਨਕ ਭੀੜ ਵਿੱਚ ਭਾਜੜ ਮੱਚ ਗਈ। ਸਰਕਾਰ ਅਤੇ ਮੇਲਾ ਪ੍ਰਬੰਧਕਾਂ ਦੇ ਕੀਤੇ-ਕਰਾਏ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ ਤੇ ਜਾਨਾਂ ਬਚਾਉਣ ਲਈ ਭੱਜਦੇ ਜੀਅ-ਭਿਆਣੇ ਲੋਕ ਇੱਕ ਦੂਸਰੇ ਨੂੰ ਮਿੱਧਣ ਅਤੇ ਖੁਦ ਮਿੱਧੇ ਜਾਣ ਦੇ ਚੱਕਰ ਵਿੱਚ ਫਸ ਕੇ ਲਾਸ਼ਾਂ ਦਾ ਢੇਰ ਵਧਾਉਣ ਦਾ ਕਾਰਨ ਬਣਦੇ ਗਏ। ਰਾਜ ਦੀ ਸਰਕਾਰ ਅਤੇ ਕੇਂਦਰੀ ਆਗੂਆਂ ਨੇ ਓਦੋਂ ਵੀ ਸਿਰਫ ਪੀੜਤਾਂ ਦਾ ਦੁੱਖ ਵੰਡਾਉਣ ਅਤੇ ਸਹਾਇਤਾ ਰਾਸ਼ੀ ਜਲਦੀ ਪੁਚਾਉਣ ਦੇ ਐਲਾਨ ਕੀਤੇ ਸਨ ਤੇ ਇਸ ਤੋਂ ਅੱਗੇ ਵਧ ਕੇ ਫਿਰ ਕਦੀ ਇਹੋ ਜਿਹਾ ਕੋਈ ਹਾਦਸਾ ਨਾ ਹੋਣ ਦੇਣ ਲਈ ਕੱਖ ਨਹੀਂ ਸੀ ਕੀਤਾ।
ਧਾਰਮਿਕ ਸਥਾਨਾਂ ਉੱਤੇ ਹੁੰਦੇ ਇਹੋ ਜਿਹੇ ਦੁਖਾਂਤਾਂ ਦੀ ਲੜੀ ਪੇਸ਼ ਕਰਨ ਦਾ ਮਤਲਬ ਇਹ ਨਹੀਂ ਕਿ ਏਦਾਂ ਸਿਰਫ ਧਾਰਮਿਕ ਥਾਂਵਾਂ ਉੱਤੇ ਹੁੰਦਾ ਹੈ, ਹੋਰ ਵੀ ਬਹੁਤ ਸਾਰੇ ਥਾਂਵਾਂ ਉੱਤੇ ਭੀੜ ਜੁੜਦੀ ਅਤੇ ਏਦਾਂ ਹੀ ਲੋਕ ਮਰਨ ਬਾਰੇ ਖਬਰਾਂ ਆਈ ਜਾਂਦੀਆਂ ਹਨ। ਤਾਮਿਲ ਨਾਡੂ ਵਿੱਚ ਇੱਕ ਵਾਰੀ ਇੱਕ ਨੇਤਾ ਬੀਬੀ ਨੇ ਆਪਣਾ ਜਨਮ ਦਿਨ ਮਨਾੳਣ ਲਈ ਗਰੀਬ ਔਰਤਾਂ ਨੂੰ ਸਾੜ੍ਹੀਆਂ ਵੰਡਣ ਦਾ ਐਲਾਨ ਕਰ ਦਿੱਤਾ ਤਾਂ ਗਰੀਬੀ ਮਾਰੀਆਂ ਬਹੁਤ ਸਾਰੀਆਂ ਔਰਤਾਂ ਸਾੜ੍ਹੀਆਂ ਲੈਣ ਲਈ ਆ ਗਈਆਂ, ਪਰ ਉਹ ਘਰ ਨਹੀਂ ਸੀ ਪਰਤ ਸਕੀਆਂ, ਉਨ੍ਹਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਪੁਚਾਈਆਂ ਗਈਆਂ ਅਤੇ ਨਾਲ ਸਰਕਾਰ ਵੱਲੋਂ ‘ਬਣਦਾ-ਸਰਦਾ’ ਧਰਵਾਸ ਦਾ ਚੈੱਕ ਦੇ ਦਿੱਤਾ ਗਿਆ ਸੀ। ਉੱਤਰ ਪ੍ਰਦੇਸ਼ ਵਿੱਚ ਇੱਕ ਰਾਜਸੀ ਲੀਡਰ ਨੇ ਆਪਣੇ ਚਹੇਤੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣ ਲਈ ਔਰਤਾਂ ਨੂੰ ਏਦਾਂ ਦਾ ਮੁਫਤ ਮਾਲ ਵੰਡਣ ਵਾਲਾ ਐਲਾਨ ਕੀਤਾ ਤਾਂ ਸਾਮਾਨ ਅਣਵੰਡਿਆ ਰਿਹਾ ਤੇ ਲੈਣ ਆਏ ਗਰੀਬਾਂ ਦੀਆਂ ਲਾਸ਼ਾਂ ਦਾ ਢੇਰ ਚੋਖਾ ਵੱਡਾ ਲੱਗ ਗਿਆ ਸੀ। ਵਿਚਾਰੇ ਗਰੀਬ ਲੋਕ ਜਦੋਂ ਇਹੋ ਜਿਹੀ ਕਿਸੇ ਮਦਦ ਦੀ ਝਾਕ ਵਿੱਚ ਕਿਤੇ ਜਾਂਦੇ ਹਨ, ਸਿਰਫ ਜਾਂਦੇ ਹੀ ਹਨ, ਵਾਪਸ ਆਉਣ ਦੀ ਕੋਈ ਗਾਰੰਟੀ ਕਦੇ ਨਹੀਂ ਹੋਇਆ ਕਰਦੀ, ਕਿਉਂਕਿ ਵਿਸ਼ਵ ਗੁਰੂ ਬਣਨ ਤੁਰੇ ਹੋਏ ਭਾਰਤ ਦੇ ਹਾਕਮਾਂ ਕੋਲ ਹੋਰ ਬਥੇਰੇ ਕੰਮ ਹਨ, ਉਹ ਇਸ ਤਰ੍ਹਾਂ ਦੀਆਂ ਗਾਰੰਟੀਆ ਦੇਣ ਰੁੱਝੇ ਰਹਿਣ ਤਾਂ ਜ਼ਰੂਰੀ ਕੰਮ ਪਛੜ ਸਕਦੇ ਹਨ। ਸਰਕਾਰ ਉਹ ਕੰਮ ਕਦੇ ਨਹੀਂ ਭੁਲਾ ਸਕਦੀ, ਕਿਉਂਕਿ ਵਿਸ਼ਵ ਗੁਰੂ ਬਣਨਾ ਹੈ ਤੇ ਜਦੋਂ ਸਰਕਾਰਾਂ ਨੂੰ ਏਦਾਂ ਦੇ ਦੁਖਾਂਤ ਹੁੰਦੇ ਰੋਕਣ ਦੇ ਲਈ ਵਿਹਲ ਨਹੀਂ ਮਿਲਦੀ ਤਾਂ ਕਿਸੇ ਹੋਰ ਨੂੰ ਵਿਲਕਣ ਦੀ ਕੀ ਲੋੜ ਹੈ। ਬਿਹਤਰ ਇਹੋ ਹੈ ਕਿ ਵਗਦੇ ਵਹਿਣ ਨਾਲ ਵਗਿਆ ਜਾਵੇ ਅਤੇ ਵਿਸ਼ਵ ਗੁਰੂ ਬਣਨ ਦੇ ਉਹ ਸੁਫਨੇ ਰੋਜ਼ ਰਾਤਵੇਖੇ ਜਾਣ, ਜਿਹੜੇ ਹਕੀਕਤਾਂ ਤੋਂ ਕੋਹਾਂ ਦੂਰ ਹੁੰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ ਪੇਂਡੂ ਵੋਟਰੋ ਲੋਕ ਸੇਵਾ ਵਾਲੇ ਪੜ੍ਹੇ ਲਿਖੇ ਸਰਪੰਚ/ਪੰਚ ਚੁਣੋ! ਪ੍ਰੋ. ਕੁਲਬੀਰ ਸਿੰਘ ਦੇ ਟੋਰਾਂਟੋ ਆਉਣ `ਤੇ -- ਮੀਡੀਆ ਅਤੇ ਖੇਡਾਂ ਤੇ ਖਿਡਾਰੀ: ਪ੍ਰੋ. ਕੁਲਬੀਰ ਸਿੰਘ