ਨਾਗੋਰਨੋ-ਕਾਰਾਬਾਖ, 29 ਸਤੰਬਰ (ਪੋਸਟ ਬਿਊਰੋ): ਅਜ਼ਰਬੈਜਾਨ ਅਤੇ ਆਰਮੇਨੀਆ ਵਿਚਕਾਰ ਨਾਗੋਰਨੋ-ਕਾਰਾਬਾਖ ਵਿਵਾਦਤ ਇਲਾਕਾ ਹੈ। ਇਸ ਦੌਰਾਨ, ਨਾਗੋਰਨੋ-ਕਾਰਾਬਾਖ ਦੀ ਮੂਲ ਆਬਾਦੀ ਦਾ 70 ਪ੍ਰਤੀਸ਼ਤ ਤੋਂ ਵੱਧ ਆਰਮੀਨੀਆ ਪਲਾਇਨ ਕਰ ਗਈ ਹੈ। ਸ਼ੁੱਕਰਵਾਰ ਸਵੇਰ ਤੱਕ, 84,770 ਲੋਕ ਨਾਗੋਰਨੋ-ਕਾਰਾਬਾਖ ਛੱਡ ਚੁੱਕੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ, ਖੇਤਰ ਦੀ ਵੱਖਵਾਦੀ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭੰਗ ਕਰ ਦੇਵੇਗੀ ਅਤੇ ਸਾਲ ਦੇ ਅੰਤ ਤੱਕ ਅਜ਼ਰਬੈਜਾਨ ਵਿੱਚ ਗੈਰ ਮਾਨਤਾ ਪ੍ਰਾਪਤ ਗਣਤੰਤਰ ਖਤਮ ਹੋ ਜਾਵੇਗਾ। ਅਰਮੀਨੀਆਈ ਅਧਿਕਾਰੀਆਂ ਅਨੁਸਾਰ, ਖੇਤਰ ਤੋਂ ਨਸਲੀ ਆਰਮੀਨੀਆਈ ਲੋਕਾਂ ਦਾ ਸਮੂਹਿਕ ਪਲਾਇਨ ਐਤਵਾਰ ਨੂੰ ਸ਼ੁਰੂ ਹੋਇਆ ਅਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਸਵੇਰ ਤੱਕ 84,770 ਲੋਕ ਨਾਗੋਰਨੋ-ਕਾਰਾਬਾਖ ਛੱਡ ਚੁੱਕੇ ਹਨ। ਪਰਵਾਸ ਸ਼ੁਰੂ ਹੋਣ ਤੋਂ ਪਹਿਲਾਂ, ਇਸ ਖੇਤਰ ਦੀ ਆਬਾਦੀ ਲਗਭਗ 1,20,000 ਸੀ।
ਅਜ਼ਰਬੈਜਾਨ ਨੇ ਹਾਲ ਹੀ ਵਿਚ ਅਲੱਗ ਹੋਏ ਖੇਤਰ 'ਤੇ ਪੂਰਾ ਕੰਟਰੋਲ ਹਾਸਿਲ ਕਰਨ ਲਈ ਇੱਕ ਹਮਲਾ ਸ਼ੁਰੂ ਕੀਤਾ ਅਤੇ ਨਾਗੋਰਨੋ-ਕਾਰਾਬਾਖ ਵਿੱਚ ਆਰਮੀਨੀਆਈ ਫੌਜਾਂ ਨੂੰ ਹਥਿਆਰ ਸੁੱਟਣ ਅਤੇ ਵੱਖਵਾਦੀ ਸਰਕਾਰ ਨੂੰ ਭੰਗ ਕਰਨ ਲਈ ਕਿਹਾ। ਇਸ ਤੋਂ ਬਾਅਦ ਨਾਗੋਰਨੋ-ਕਾਰਬਾਖ ਦੀ ਵੱਖਵਾਦੀ ਸਰਕਾਰ ਨੇ ਇਹ ਐਲਾਨ ਕੀਤਾ। ਖੇਤਰ ਦੇ ਵੱਖਵਾਦੀ ਪ੍ਰਧਾਨ ਸਾਮਵੇਲ ਸੇਖਰਾਮਨੀਅਨ ਨੇ ਇਸ ਸਬੰਧ ਵਿਚ ਇਕ ਨੋਟੀਫਿਕੇਸ਼ਨ 'ਤੇ ਦਸਤਖਤ ਕੀਤੇ ਹਨ। ਦਸਤਾਵੇਜ਼ ਲੜਾਈ ਨੂੰ ਖਤਮ ਕਰਨ ਲਈ 20 ਸਤੰਬਰ ਨੂੰ ਹੋਏ ਸਮਝੌਤੇ ਦਾ ਹਵਾਲਾ ਦਿੰਦਾ ਹੈ। ਇਸ ਤਹਿਤ ਅਜ਼ਰਬੈਜਾਨ ਨਾਗੋਰਨੋ-ਕਾਰਾਬਾਖ ਦੇ ਨਿਵਾਸੀਆਂ ਨੂੰ 'ਸਵਤੰਤਰ, ਸਵੈ-ਇੱਛਤ ਅਤੇ ਬਿਨ੍ਹਾਂ ਰੋਕਟੋਕ ਆਵਾਜਾਈ' ਦੀ ਇਜਾਜ਼ਤ ਦੇਵੇਗਾ ਅਤੇ ਬਦਲੇ ਵਿੱਚ ਆਰਮੀਨੀਆ ਦੇ ਫੌਜੀਆਂ ਨੂੰ ਆਪਣੇ ਹਥਿਆਰ ਸੌਂਪਣੇ ਹੋਣਗੇ।