-ਡਾ. ਮਨਦੀਪ ਕੌਰ
ਹਮੇਸਾ ਦੀ ਤਰ੍ਹਾਂ ਅੱਜ ਵੀ ਜਦ ਮੇਰੇ ਪੜਾਅ ਉਤੇ ਆ ਕੇ ਬੱਸ ਰੁਕੀ ਤਾਂ ਉਸ ਵਿੱਚੋਂ ਉਤਰਦਿਆਂ ਮੇਰੇ ਮਨ ਵਿੱਚ ਫਿਰ ਉਹੀ ਕਸ਼ਮਕਸ਼ ਸ਼ੁਰੂ ਹੋ ਗਈ। ਮੇਰਾ ਵੀ ਮਨ ਕੀਤਾ ਕਿ ਬਾਕੀ ਸਭ ਦੀ ਤਰ੍ਹਾਂ ਮੈਂ ਵੀ ਹੱਥ ਵਿੱਚ ਫੜੀ ਹੋਈ ਟਿਕਟ ਸੜਕ 'ਤੇ ਕਿਧਰੇ ਵਗਾਹ ਮਾਰਾਂ, ਪਰ ਰੋਜ਼ ਦੀ ਤਰ੍ਹਾਂ ਅੱਜ ਵੀ ਮੇਰੀ ਜ਼ਮੀਰ ਨੇ ਮੇਰੇ ਹੱਥਾਂ ਨੂੰ ਇੱਝ ਕਰਨ ਤੋਂ ਰੋਕ ਲਿਆ ਤੇ ਟਿਕਟ ਵਾਪਸ ਪਰਸ ਵਿੱਚ ਰੱਖ ਲਈ, ਤਾਂ ਕਿ ਕੂੜੇਦਾਨ ਮਿਲਣ ਉੱਤੇ ਉਸ ਵਿੱਚ ਪਾਈ ਜਾ ਸਕੇ। ਮਨ ਕਹਿ ਰਿਹਾ ਸੀ ਕਿ ਇਹਦੇ ਨਾਲ ਕੀ ਫਰਕ ਪੈਣ ਲੱਗਾ, ਕਾਗਜ਼ ਦਾ ਇੱਕ ਛੋਟਾ ਜਿਹਾ ਟੁਕੜਾ ਹੀ ਹੈ ਪਰ ਜ਼ਮੀਰ ਦੀ ਆਵਾਜ਼ ਇਹ ਸੋਚਣ ਲਈ ਮਜਬੂਰ ਕਰ ਗਈ ਕਿ ਆਸ ਪਾਸ ਗੰਦਗੀ ਦੇ ਜੋ ਢੇਰ ਨਜ਼ਰ ਆ ਰਹੇ ਹਨ, ਉਨ੍ਹਾਂ ਦੀ ਇਕਾਈ ਵੀ ਇੱਕ ਛੋਟਾ ਟੁਕੜਾ ਹੀ ਹੈ। ਚਾਹੇ ਕਿੰਨਾ ਵੀ ਛੋਟਾ ਹੈ, ਪਰ ਹੈ ਤਾਂ ਇਹ ਮੇਰੇ ਹਿੱਸੇ ਦਾ ਹੀ ਕੁੂੜਾ ਕਰਕਟ।
ਕੁਦਰਤ ਦੀ ਕਾਰਜ ਪ੍ਰਣਾਲੀ ਨੂੰ ਜੇ ਗਹਿਰਾਈ ਵਿੱਚ ਦੇਖਿਆ ਪਰਖਿਆ ਜਾਵੇ ਤਾਂ ਪ੍ਰਕਿਰਤੀ ਦੇ ਸ਼ਬਦ ਕੋਸ਼ ਵਿੱਚ ਕੂੜਾ ਨਾਮ ਦੀ ਚੀਜ਼ ਹੀ ਨਹੀਂ। ਜਨ ਜੀਵਾਂ ਦੀ ਭੋਜਨ ਲੜੀ ਦੀ ਬਣਤਰ ਅਜਿਹੀ ਹੈ ਕਿ ਇੱਕ ਕਿਸਮ ਦੇ ਜੀਵ ਜੰਤੂ ਦੀ ਰਹਿੰਦ-ਖੂੰਹਦ ਦੂਜੀ ਕਿਸਮ ਦੇ ਜੀਵ ਜੰਤੂ ਦਾ ਸਵਾਦੀ ਭੋਜਨ ਹੈ। ਜੀਵਾਣੂ, ਮੱਖੀਆਂ, ਗਿਰਝਾਂ, ਬੱਤਖਾਂ, ਗੰਡੋਏ, ਸੂਰ ਆਦਿ ਕੁਝ ਅਜਿਹੇ ਜੀਵ ਹਨ, ਜਿਹੜੇ ਬਨਸਪਤੀ, ਮਨੁੱਖ ਤੇ ਬਾਕੀ ਜੀਵਾਂ ਵੱਲੋਂ ਪੈਦਾ ਕੀਤੀ ਜੈਵਿਕ ਰਹਿੰਦ-ਖੂੰਹਦ ਨੂੰ ਆਪਣਾ ਭੋਜਨ ਬਣਾ ਕੇ ਵਾਤਾਵਰਨ ਦੀ ਸਾਫ਼-ਸਫ਼ਾਈ ਵਿੱਚ ਸਹਾਇਕ ਹੁੰਦੇ ਹਨ। ਇਸ ਪ੍ਰਕਾਰ ਇਹ ਸਾਰੀ ਰਚਨਾ ਬੜੀ ਤਰਤੀਬਵਾਰ ਹੈ। ਕੁਦਰਤ ਕੋਲ ਹਰ ਕੁਦਰਤੀ ਵਰਤਾਰੇ ਵੱਲੋਂ ਪੈਦਾ ਕੀਤੀ ਰਹਿੰਦ-ਖੂੰਹਦ ਨੂੰ ਸਮੇਟਣ ਦਾ ਬਦਲ ਮੌਜੂਦ ਹੈ, ਪਰ ਮਨੁੱਖ ਦੀ ਬੁੱਧੀ ਨੇ ਕੁਝ ਅਜਿਹੀਆਂ ਚੀਜ਼ਾਂ ਖੋਜ ਲਈਆਂ ਹਨ, ਜਿਨ੍ਹਾਂ ਦੇ ਕੁੂੜੇ ਨੂੰ ਟਿਕਾਣੇ ਲਗਾਉਣਾ ਸਿਰਦਰਦੀ ਬਣਿਆ ਹੋਇਆ ਹੈ। ਇੱਕ ਸਰਵੇਖਣ ਅਨੁਸਾਰ ਦੇਸ਼ ਦੇ ਮੁੱਖ ਸ਼ਹਿਰਾਂ ਤੋਂ ਰੋਜ਼ 16 ਕਰੋੜ ਕਿੱਲੋ ਕੂੜਾ ਪੈਦਾ ਹੁੰਦਾ ਹੈ, ਜਿਸ ਨੂੰ ਟਿਕਾਣੇ ਲਾਉਣਾ ਜਗ੍ਹਾ ਦੀ ਘਾਟ ਕਾਰਨ ਮਿਊਂਸਪਲ ਕਾਰਪੋਰੇਸ਼ਨਾਂ ਲਈ ਵੱਡੀ ਮੁਸਬਤ ਬਣ ਗਿਆ ਹੈ। ਕਈ ਥਾਵਾਂ 'ਤੇ ਕੂੜੇ ਕੇ ਪਹਾੜ ਇੰਨੇ ਉਚੇ ਹੋ ਗਏ ਹਨ, ਇਨ੍ਹਾਂ ਵਿੱਚੋਂ ‘ਲੀਚਡ' ਨਾਂ ਦਾ ਕੈਮੀਕਲ ਰਿਸਦਾ ਅਤੇ ਆਸ ਪਾਸ ਦੀ ਜ਼ਮੀਨ ਹੀ ਨਹੀਂ, ਇਨਸਾਨ ਨੂੰ ਵੀ ਬੰਜਰ ਬਣਾ ਰਿਹਾ ਹੈ। ਕੈਂਸਰ ਅਤੇ ਖਤਰਨਾਕ ਕਿਸਮ ਦੇ ਸਾਹ ਅਤੇ ਚਮੜੀ ਦੇ ਰੋਗਾਂ ਦਾ ਕਾਰਨ ਬਣਦਾ ਹੈ। ਮਿਉੂਂਸਪਲ ਕਾਰਪੋਰੇਸ਼ਨਾਂ ਦੀ ਲਾਪਰਵਾਹੀ ਅਤੇ ਲੋਕਾਂ ਵਿੱਚ ਸਾਫ਼-ਸਫ਼ਾਈ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਇਸ ਗੰਭੀਰ ਸਮੱਸਿਆ ਨਾਲ ਨਜਿੱਠਣਾ ਕਾਫ਼ੀ ਔਖਾ ਕੰਮ ਹੈ, ਪਰ ਉਨ੍ਹਾਂ ਬੁੱਧੀਜੀਵੀਆਂ ਤੇ ਸਮਾਜ ਸੇਵਕਾਂ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇਸ ਖੇਤਰ ਵਿੱਚ ਮਹੱਤਵ ਪੂਰਨ ਸੇਵਾਵਾਂ ਦਿੱਤੀਆਂ ਹਨ।
ਮੁੰਬਈ ਦੇ ਇੱਕ ਵਿਗਿਆਨਕ ਡਾ. ਐਸ ਆਰ ਮਾਲਯ ਨੇ ਸ਼ਹਿਰ ਦੇ ਇੱਕ ਵੱਡ-ਅਕਾਰੀ, ਬਦਬੂਦਾਰ ਗੰਦਗੀ ਦੇ ਪਹਾੜ ਨੂੰ ਜੈਵਿਕ ਤਰੀਕੇ ਨਾਲ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਦੇ ਫੁੱਲਾਂ ਦੇ ਖੂਬਸੂਰਤ ਬਾਗ ਵਿੱਚ ਬਦਲ ਦਿੱਤਾ। ਇਸ ਕੰਮ ਲਈ ਮਸਾਂ 60 ਦਿਨ ਲੱਗੇ। ਡਾਕਟਰ ਦੱਸਦੇ ਹਨ ਕਿ ਹਿੰਦੁਸਤਾਨ ਦੇ ਕੂੜਾ ਨੂੰ ਜੇ ਸੁਚੱਜੇ ਢੰਗ ਨਾਲ ਨਿਪਟਾਇਆ ਜਾਵੇ ਤਾਂ ਇਹ ਸਿਰਦਰਦੀ ਨਾ ਰਹਿ ਕੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਹਿੱਸਾ ਪਾ ਸਕਦਾ ਹੈ। ਅੰਦਾਜ਼ਨ ਦੇਸ਼ ਦੇ ਗਿੱਲੇ ਕੂੜਾ 'ਚੋਂ ਸਾਲਾਨਾ 90 ਲੱਖ ਟਨ ਕੰਪੋਸਟ ਤਿਆਰ ਕੀਤਾ ਜਾ ਸਕਦਾ ਹੈ, ਜਿਸ ਨਾਲ 45 ਲੱਖ ਏਕੜ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾ ਸਕਦਾ ਹੈ। ਭਾਬਾ ਆਟੋਮੈਟਿਕ ਸੈਂਟਰ ਦੇ ਵਿਗਿਆਨੀ ਡਾ. ਸ਼ਰਦ ਕਾਲੇ ਅਨੁਸਾਰ ਇਸੇ ਕੂੜੇ 'ਚੋਂ ਜੇ ਬਾਇਓਗੈਸ ਬਣਾਈ ਜਾਵੇ ਤਾਂ ਦੇਸ਼ ਦਾ ਲੱਗਭਗ ਦੋ ਲੱਖ ਐਲ ਪੀ ਜੀ ਸਿਲੰਡਰ ਦਾ ਰੋਜ਼ ਦਾ ਬੋਝ ਘੱਟ ਸਕਦਾ ਹੈ। ਜਿੱਥੇ ਇਹ ਤਰੀਕੇ ਲਾਗੂ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੀ ਹੈ, ਉਥੇ ਕੁਝ ਕੁ ਨੈਤਿਕਤਾ ਇਨਸਾਨ ਹੋਣ ਨਾਤੇ ਸਾਡੀ ਸਾਡੀ ਵੀ ਬਣਦੀ ਹੈ। ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਰੋਜ਼ ਕੂੜਾ ਸੁੱਟਦੇ ਜਾਣ ਤੇ ਥੋੜ੍ਹੀ-ਥੋੜ੍ਹੀ ਮਿੱਟੀ ਨਾਲ ਢੱਕਦੇ ਰਹਿਣ। ਕੁਝ ਅਰਸੇ ਬਾਅਦ ਉਸ ਭਰ ਚੁੱਕੇ ਟੋਏ ਦੀ ਮਿੱਟੀ ਸਾਡੇ ਲਾਅਨ ਜਾਂ ਗਮਲੇ 'ਚ ਉਗਣ ਵਾਲੇ ਪੌਦਿਆਂ ਲਈ ਵਧੀਆ ਖ਼ਾਦ ਦਾ ਕੰਮ ਦੇ ਸਕਦੀ ਹੈ। ਪੌਲੀਥੀਨ ਦੇ ਲਿਫ਼ਾਫ਼ਿਆਂ ਨੂੰ ਵੱਖ ਰੱਖਣਾ ਚਾਹੀਦਾ ਹੈ। ਜਿੱਥੋਂ ਤੱਕ ਸੰਭਵ ਹੋਵੇ ਡਿਸਪੋਜ਼ੇਬਲ ਬਰਤਨਾਂ ਦੀ ਵਰਤੋਂ ਨਾ ਕੀਤੀ ਜਾਵੇ। ਜੇ ਕਰਨੀ ਪਵੇ ਤਾਂ ਘੱਟੋ-ਘੱਟ ਆਪਣੀ ਜ਼ਿੰਮੇਵਾਰੀ ਨਾਲ ਉਨ੍ਹਾਂ ਨੂੰ ਇਕੱਠੇ ਕਰਕੇ ਸਾਂਭਿਆ ਜਾਵੇ। ਲੰਗਰ ਜਾਂ ਭੰਡਾਰੇ ਦੀ ਸਮਾਪਤੀ ਵੇਲੇ ਡਿਸਪੋਜ਼ੇਬਲ ਬਰਤਨਾਂ ਦਾ ਥਾਂ-ਥਾਂ ਖਿੱਲਰੇ ਪਏ ਹੋਣਾ ਸ਼ੋਭਾ ਨਹੀਂ ਦਿੰਦਾ। ਸਫ਼ਰ ਦੌਰਾਨ ਕਾਗਜ਼ ਜਾਂ ਲਿਫ਼ਾਫ਼ੇ ਚੱਲਦੀ ਬੱਸ ਗੱਡੀ ਵਿੱਚੋਂ ਵਗਾਹ ਮਾਰਨਾ ਸੱਭਿਅਤਾ ਦੀ ਨਿਸ਼ਾਨੀ ਨਹੀਂ। ਕੁਦਰਤ ਵੱਲੋਂ ਪੈਦਾ ਕੀਤਾ ਕੋਈ ਵੀ ਕਚਰਾ ਪਲਾਸਟਿਕ ਜਾਂ ਪੌਲੀਥੀਨ ਦੇ ਢੇਰ ਜਿੰਨਾ ਬਦਸੂਰਤ ਨਹੀਂ ਦਿਸਦਾ। ਕਿਸੇ ਰੁੱਖ ਦੇ ਆਪੇ ਝੜ ਗਏ ਪੱਤਿਆਂ ਦਾ ਢੇਰ ਕਦੀ ਕੋਝਾ ਨਹੀਂ ਲੱਗਦਾ। ਜੰਗਲ ਕਦੀ ਬਦਸੂਰਤ ਨਹੀਂ ਹੁੰਦਾ। ਕੁਦਰਤ ਵੱਲੋਂ ਬਖ਼ਸ਼ੀ ਖੂਬਸੂਰਤ ਸ੍ਰੋਤਾਂ ਤੇ ਦ੍ਰਿਸ਼ਾਂ ਨਾਲ ਲਬਰੇਜ਼ ਧਰਤੀ ਨੂੰ ਪ੍ਰਦੂਸ਼ਿਤ ਕਰਨ ਦਾ ਦੋਸ਼ ਮਨੁੁੱਖ ਦੇ ਸਿਰ ਹੈ। ਇਸ ਲਈ ਹਰ ਇਨਸਾਨ ਜੇ ਸੁਹਿਰਦਤਾ ਤੋਂ ਕੰਮ ਲੈਂਦੇ ਹੋਏ, ਕੇਵਲ ਸਾਡੇ ਵੱਲੋਂ ਪੈਦਾ ਕੀਤਾ ਗਿਆ, ਆਪਣੇ ਹਿੱਸੇ ਦਾ ਕੂੜਾ ਕਰਕਟ ਹੀ ਸਾਂਭ ਲਵੇ ਤਾਂ ਗੰਦਗੀ ਦੇ ਢੇਰ ਪੈਦਾ ਹੋਣ ਦੀ ਨੌਬਤ ਹੀ ਨਾ ਆਵੇ।