ਪਟਨਾ, 23 ਜਨਵਰੀ (ਪੋਸਟ ਬਿਊਰੋ): ਬਿਹਾਰ ਦੇ ਬੇਤੀਆ ਜਿ਼ਲ੍ਹੇ ਵਿੱਚ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ ਹੈ। ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦਿਆਂ ਬੇਤੀਆ ਜਿ਼ਲ੍ਹਾ ਸਿੱਖਿਆ ਅਫ਼ਸਰ ਦੇ ਘਰ 'ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਡੀ ਮਾਤਰਾ 'ਚ ਨਕਦੀ ਜ਼ਬਤ ਕੀਤੀ ਗਈ। ਵਿਜੀਲੈਂਸ ਵਿਭਾਗ ਵੱਲੋਂ ਜਿ਼ਲ੍ਹਾ ਸਿੱਖਿਆ ਅਫ਼ਸਰ (ਡੀਈਓ) ਰਜਨੀਕਾਂਤ ਪ੍ਰਵੀਨ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਟਨਾ ਦੀ ਵਿਜੀਲੈਂਸ ਟੀਮ ਸਵੇਰ ਤੋਂ ਹੀ ਡੀਈਓ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ 'ਚ ਹੁਣ ਤੱਕ ਵੱਡੀ ਮਾਤਰਾ 'ਚ ਨਕਦੀ ਬਰਾਮਦ ਹੋਈ ਹੈ। ਨੋਟਾਂ ਦੀ ਗਿਣਤੀ ਲਈ ਮਸ਼ੀਨ ਮੰਗਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਪਟਨਾ ਤੋਂ ਆਈ ਵਿਜੀਲੈਂਸ ਟੀਮ ਨੇ ਜਿ਼ਲ੍ਹਾ ਸਿੱਖਿਆ ਅਫ਼ਸਰ ਦੀ ਰਿਹਾਇਸ਼ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਫਿਲਹਾਲ ਸਥਾਨਕ ਪ੍ਰਸ਼ਾਸਨ ਅਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਕਾਰਵਾਈ ਬੇਤੀਆ ਦੇ ਮੁਫਾਸਿਲ ਥਾਣਾ ਖੇਤਰ 'ਚ ਸਥਿਤ ਬਸੰਤ ਬਿਹਾਰ ਕਾਲੋਨੀ 'ਚ ਜਿ਼ਲ੍ਹਾ ਸਿੱਖਿਆ ਅਧਿਕਾਰੀ ਦੇ ਘਰ 'ਤੇ ਕੀਤੀ ਜਾ ਰਹੀ ਹੈ। ਡੀਈਓ ਰਜਨੀਕਾਂਤ ਪ੍ਰਵੀਨ ਪਿਛਲੇ ਤਿੰਨ ਸਾਲਾਂ ਤੋਂ ਬੇਤੀਆ ਵਿੱਚ ਤਾਇਨਾਤ ਹਨ। ਵਿਜੀਲੈਂਸ ਦੀ ਟੀਮ ਕਈ ਘੰਟੇ ਉਸ ਦੇ ਘਰ ਮੌਜੂਦ ਰਹੀ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੌਕੇ 'ਤੇ ਪੁਲਿਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਟੀਮ ਨੇ ਡੀਈਓ ਦੇ ਹੋਰ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ ਜਿ਼ਲ੍ਹਾ ਸਿੱਖਿਆ ਅਫ਼ਸਰ 'ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ। ਇਸ ਸਬੰਧ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।