ਮੁੰਬਈ, 23 ਜਨਵਰੀ (ਪੋਸਟ ਬਿਊਰੋ): ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਦਾਕਾਰ ਰਾਜਪਾਲ ਯਾਦਵ ਨੂੰ ਇੱਕ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਕ ਧਮਕੀ ਭਰਿਆ ਸੰਦੇਸ਼ ਰਾਜਪਾਲ ਯਾਦਵ ਦੇ ਈਮੇਲ ਖਾਤੇ ’ਤੇ ਵਿਸ਼ਨੂੰ ਨਾਮ ਦੇ ਵਿਅਕਤੀ ਵੱਲੋਂ ਭੇਜਿਆ ਗਿਆ ਸੀ, ਜਿਸ ਨੇ ਚਿਤਾਵਨੀ ਦਿੱਤੀ ਸੀ ਕਿ ਸ਼ਰਮਾ, ਉਸਦੇ ਪਰਿਵਾਰ, ਉਸਦੇ ਸਾਥੀਆਂ ਅਤੇ ਰਾਜਪਾਲ ਯਾਦਵ ਨੂੰ ਮਾਰ ਦਿੱਤਾ ਜਾਵੇਗਾ। 14 ਦਸੰਬਰ, 2024 ਨੂੰ ਭੇਜੀ ਗਈ ਈਮੇਲ ਨੇ ਸਬੰਧੀ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸਿ਼ਕਾਇਤ ਦਰਜ ਕਰਵਾਈ।
ਇਹ ਧਮਕੀ ਭਰਿਆ ਸੰਦੇਸ਼ don99284@gmail.com ਈਮੇਲ ਤੋਂ ਰਾਜਪਾਲ ਯਾਦਵ ਦੇ ਟੀਮ ਦੇ ਈਮੇਲ ਖਾਤੇ teamrajpalyadav@gmail.com `ਤੇ ਭੇਜਿਆ ਗਿਆ ਸੀ। ਇਸ ਕਾਰਨ ਤੁਰੰਤ ਕਾਰਵਾਈ ਕਰਦਿਆਂ ਯਾਦਵ ਦੀ ਪਤਨੀ ਰਾਧਾ ਰਾਜਪਾਲ ਯਾਦਵ ਨੇ ਮੁੰਬਈ ਦੇ ਅੰਬੋਲੀ ਪੁਲਿਸ ਥਾਣੇ ’ਚ ਸਿ਼ਕਾਇਤ ਦਰਜ ਕਰਵਾਈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਹੁਣ ਧਮਕੀ ਅਤੇ ਖਤਰਨਾਕ ਈਮੇਲ ਦੇ ਪਿੱਛੇ ਵਾਲੇ ਵਿਅਕਤੀ ਦੀ ਜਾਂਚ ਕਰ ਰਹੇ ਹਨ।
ਦੂਜੇ ਪਾਸੇ ਫਿਲਮ ਨਿਰਦੇਸ਼ਕ ਰੇਮੋ ਡਿਸੂਜ਼ਾ ਅਤੇ ਅਦਾਕਾਰਾ ਅਤੇ ਗਾਇਕਾ ਸੁਗੰਧਾ ਮਿਸ਼ਰਾ ਨੂੰ ਵੀ ਅਜਿਹਾ ਹੀ ਧਮਕੀ ਭਰਾ ਈਮੇਲ ਮਿਲਿਆ ਹੈ। ਦੋਹਾਂ ਨੇ ਅਲੱਗ-ਅਲੱਗ ਥਾਣਿਆਂ ਵਿੱਚ ਸਿ਼ਕਾਇਤ ਦਰਜ ਕਰਵਾਈ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਇਹ ਈਮੇਲ ਪਾਕਿਸਤਾਨ ਤੋਂ ਭੇਜੀ ਗਈ ਹੈ। ਈਮੇਲ ਵਿੱਚ ਲਿਖਿਆ ਗਿਆ ਹੈ ਕਿ ਅਸੀਂ ਤੁਹਾਡੇ ਹਾਲੀਆ ਗਤੀਵਿਧੀਆਂ `ਤੇ ਨਜ਼ਰ ਰੱਖ ਰਹੇ ਹਾਂ ਅਤੇ ਤੁਹਾਨੂੰ ਇਹ ਸੰਵੇਦਨਸ਼ੀਲ ਮੁੱਦਾ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੰਦੇ ਹਾਂ। ਇਹ ਨਾ ਤਾਂ ਪਬਲਿਸਿਟੀ ਸਟੰਟ ਹੈ ਅਤੇ ਨਾ ਹੀ ਤੁਹਾਨੂੰ ਪ੍ਰੇਸ਼ਾਨ ਕਰਨ ਦੀ ਕੋਸਿ਼ਸ਼। ਕਿਰਪਾ ਕਰਕੇ ਇਸ ਸੰਦੇਸ਼ ਨੂੰ ਗੁਪਤ ਅਤੇ ਗੰਭੀਰਤਾ ਨਾਲ ਲਵੋ। ਈਮੇਲ ਨੂੰ ‘ਵਿਸ਼ਨੂੰ’ ਨਾਮ ਦੇ ਵਿਅਕਤੀ ਨੇ ਸਾਈਨ ਕੀਤਾ ਹੈ।
ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਧਮਕੀ ਦੇਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ।