ਚਰਖੀ ਦਾਦਰੀ, 19 ਜਨਵਰੀ (ਪੋਸਟ ਬਿਊਰੋ): ਪੈਰਿਸ ਓਲੰਪਿਕ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਤੇ ਨਾਨੀ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਫ਼ਰਾਰ ਹੋ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਲ ਹੀ ਵਿੱਚ ਮਨੂ ਭਾਕਰ ਨੂੰ ‘ਖੇਡ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਭਾਕਰ ਦੇ ਮਾਮਾ ਯੁੱਧਵੀਰ (50) ਅਤੇ ਨਾਨੀ ਸਾਵਿਤਰੀ (65) ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਯੁੱਧਵੀਰ ਹਰਿਆਣਾ ਰੋਡਵੇਜ਼ ਵਿੱਚ ਡਰਾਈਵਰ ਸੀ ਅਤੇ ਅੱਜ ਸਵੇਰੇ ਸਕੂਟਰੀ ਰਾਹੀਂ ਡਿਊਟੀ ’ਤੇ ਜਾ ਰਿਹਾ ਸੀ। ਉਹ ਆਪਣੀ ਮਾਂ ਸਾਵਿਤਰੀ ਨੂੰ ਲਿਜਾ ਰਿਹਾ ਸੀ ਜਿਸ ਨੂੰ ਆਪਣੇ ਛੋਟੇ ਭਰਾ ਦੇ ਘਰ ਲੋਹਾਰੂ ਚੌਕ ਛੱਡਣਾ ਸੀ। ਮਹਿੰਦਰਗੜ੍ਹ ਬਾਈਪਾਸ ਰੋਡ ’ਤੇ ਕਲਿਆਣਾ ਮੋੜ ਕੋਲ ਗ਼ਲਤ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਦੁਪਹੀਆ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਦੋਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵੀ ਸੜਕ ਕੰਢੇ ਪਲਟ ਗਈ।
ਸੂਚਨਾ ਮਿਲਦੇ ਹੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਯੁੱਧਵੀਰ ਅਤੇ ਸਾਵਿਤਰੀ ਭਿਵਾਨੀ ਜ਼ਿਲ੍ਹੇ ਦੇ ਕਲਾਲੀ ਪਿੰਡ ਦੇ ਵਸਨੀਕ ਸਨ।
ਪੁਲਿਸ ਨੇ ਮ੍ਰਿਤਕ ਯੁੱਧਵੀਰ ਦੇ ਬੇਟੇ ਸਤਪਾਲ ਦੇ ਬਿਆਨ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।