ਮੁੰਬਈ, 23 ਜਨਵਰੀ (ਪੋਸਟ ਬਿਊਰੋ): ਮੁੰਬਈ ਦੀ ਅੰਧੇਰੀ ਮੈਜਿਸਟ੍ਰੇਟ ਅਦਾਲਤ ਨੇ ਮੰਗਲਵਾਰ (21 ਜਨਵਰੀ) ਨੂੰ ਚੈੱਕ ਬਾਊਂਸ ਮਾਮਲੇ ਵਿੱਚ ਫਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਦਾਲਤ ਨੇ ਕਿਹਾ- ਰਾਮ ਗੋਪਾਲ ਵਰਮਾ ਨੂੰ 90 ਦਿਨਾਂ ਦੇ ਅੰਦਰ ਸਿ਼ਕਾਇਤਕਰਤਾ ਨੂੰ 3.72 ਲੱਖ ਰੁਪਏ ਦੇਣੇ ਪੈਣਗੇ। ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਤਿੰਨ ਮਹੀਨੇ ਹੋਰ ਕੈਦ ਕੱਟਣੀ ਪਵੇਗੀ।
ਇਹ ਮਾਮਲਾ ਪਿਛਲੇ 7 ਸਾਲਾਂ ਤੋਂ ਚੱਲ ਰਿਹਾ ਸੀ। ਸੁਣਵਾਈ ਦੌਰਾਨ ਰਾਮ ਗੋਪਾਲ ਵਰਮਾ ਅਦਾਲਤ ਵਿੱਚ ਮੌਜੂਦ ਨਹੀਂ ਸਨ। ਇਸ ਕਾਰਨ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।
ਰਾਮ ਗੋਪਾਲ ਵਰਮਾ ਦੀ ਫਰਮ ਨੇ 'ਸ਼੍ਰੀ' ਨਾਮ ਦੀ ਕੰਪਨੀ ਨੂੰ ਚੈੱਕ ਰਾਹੀਂ 2.38 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਇਹ ਚੈੱਕ ਬਾਊਂਸ ਹੋ ਗਿਆ। ਕੰਪਨੀ ਨੇ ਮਹੇਸ਼ਚੰਦਰ ਮਿਸ਼ਰਾ ਰਾਹੀਂ ਰਾਮ ਗੋਪਾਲ ਵਿਰੁੱਧ ਕੇਸ ਦਾਇਰ ਕੀਤਾ ਸੀ। 2022 ਵਿੱਚ, ਵਰਮਾ ਨੂੰ ਇਸ ਮਾਮਲੇ ਵਿੱਚ 5000 ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਮਿਲੀ। ਹੁਣ ਅਦਾਲਤ ਨੇ ਉਸਨੂੰ ਦੋਸ਼ੀ ਪਾਇਆ ਅਤੇ ਉਸਨੂੰ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ।
ਜਿਸ ਅਪਰਾਧ ਲਈ ਰਾਮ ਗੋਪਾਲ ਵਰਮਾ ਨੂੰ ਸਜ਼ਾ ਸੁਣਾਈ ਗਈ ਹੈ, ਉਹ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੀ ਧਾਰਾ 138 ਦੇ ਅਧੀਨ ਆਉਂਦਾ ਹੈ।