ਵਾਸਿ਼ੰਗਟਨ, 23 ਜਨਵਰੀ (ਪੋਸਟ ਬਿਊਰੋ): ਡੋਨਾਲਡ ਟਰੰਪ ਨੇ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬੁੱਧਵਾਰ ਨੂੰ ਆਪਣਾ ਪਹਿਲਾ ਇੰਟਰਵਿਊ ਦਿੱਤਾ। ਟਰੰਪ ਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਬਾਇਡਨ ਸਰਕਾਰ 'ਤੇ ਕਈ ਤੰਜ ਕਸੇ। ਉਨ੍ਹਾਂ ਕਿਹਾ ਕਿ ਮੈਂ ਰਾਸ਼ਟਰਪਤੀ ਰਹਿੰਦੇ ਬਾਇਡਨ ਵਾਂਗ ਆਪਣੇ ਲੋਕਾਂ ਨੂੰ ਮੁਆਫ਼ੀ ਨਹੀਂ ਦਿੱਤੀ।
ਟਰੰਪ ਨੇ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਰਾਸ਼ਟਰਪਤੀ ਸੀ, ਮੇਰੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ, ਮੈਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਮੈਂ ਖੁਦ ਨੂੰ ਅਤੇ ਆਪਣੇ ਲੋਕਾਂ ਨੂੰ ਮਾਫ਼ ਕਰਨਾ ਚਾਹਾਂਗਾ?
ਟਰੰਪ ਨੇ ਦੱਸਿਆ ਕਿ ਉਦੋਂ ਮੈਂ ਕਿਹਾ ਕਿ ਮੈਂ ਕਿਸੇ ਨੂੰ ਮੁਆਫ਼ ਨਹੀਂ ਕਰਾਂਗਾ, ਅਸੀਂ ਕੁਝ ਗਲਤ ਨਹੀਂ ਕੀਤਾ। ਸਾਡੇ ਲੋਕਾਂ ਨੇ ਬਹੁਤ ਦੁੱਖ ਝੱਲੇ ਹਨ, ਉਹ ਬਹਾਦਰ ਦੇਸ਼ ਭਗਤ ਹਨ।
ਦਰਅਸਲ, ਰਾਸ਼ਟਰਪਤੀ ਹੁੰਦਿਆਂ, ਜੋਅ ਬਾਇਡਨ ਨੇ ਆਪਣੇ ਪੁੱਤਰ ਹੰਟਰ, ਭਰਾ ਜੇਮਜ਼ ਅਤੇ ਉਸਦੀ ਪਤਨੀ ਸਾਰਾਹ, ਭਰਾ ਫਰਾਂਸਿਸ, ਭੈਣ ਵੈਲੇਰੀ ਅਤੇ ਉਸਦੇ ਪਤੀ ਜੌਨ ਓਵਨਸ ਨੂੰ ਮੁਆਫ਼ ਕਰ ਦਿੱਤਾ ਸੀ। ਬਾਇਡਨ ਨੇ ਕਿਹਾ ਕਿ ਉਸਦੇ ਪਰਿਵਾਰ ਨੂੰ ਸਿਰਫ਼ ਉਸਨੂੰ ਪ੍ਰੇਸ਼ਾਨ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਟਰੰਪ ਤੋਂ ਪੁੱਛਿਆ ਗਿਆ ਕਿ ਉਹ ਰਾਸ਼ਟਰਪਤੀ ਅਹੁਦੇ 'ਤੇ ਵਾਪਿਸ ਆਉਣ `ਤੇ ਕਿਵੇਂ ਮਹਿਸੂਸ ਕਰਦੇ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰਾ ਕੰਮ ਬਾਕੀ ਹੈ। ਜੇ ਮੈਂ 2020 ਵਿੱਚ ਦੁਬਾਰਾ ਰਾਸ਼ਟਰਪਤੀ ਬਣ ਜਾਂਦਾ, ਤਾਂ ਬਹੁਤ ਸਾਰਾ ਕੰਮ ਉਦੋਂ ਪੂਰਾ ਹੋ ਗਿਆ ਹੁੰਦਾ। ਟਰੰਪ ਨੇ ਅੱਗੇ ਕਿਹਾ ਕਿ ਜੇਕਰ ਮੈਂ 2020 ਵਿੱਚ ਰਾਸ਼ਟਰਪਤੀ ਬਣ ਜਾਂਦਾ, ਤਾਂ ਵੀ ਸਾਡੇ ਦੇਸ਼ ਵਿੱਚ ਮਹਿੰਗਾਈ ਨਾ ਹੁੰਦੀ, ਅਫਗਾਨਿਸਤਾਨ ਵਰਗਾ ਸੰਕਟ ਨਾ ਹੁੰਦਾ, 7 ਅਕਤੂਬਰ ਨੂੰ ਇਜ਼ਰਾਈਲ ਵਰਗੀ ਘਟਨਾ ਨਾ ਹੁੰਦੀ ਅਤੇ ਨਾ ਹੀ ਯੂਕਰੇਨ ਵਿੱਚ ਜੰਗ ਹੋਈ ਹੁੰਦੀ।