ਵਾਸਿ਼ੰਗਟਨ, 22 ਜਨਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਜੰਗ ਦੇ ਮੁੱਦੇ 'ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਚੇਤਾਵਨੀ ਦਿੱਤੀ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਪੁਤਿਨ ਯੁੱਧ ਦੇ ਅੰਤ ਲਈ ਗੱਲਬਾਤ ਕਰਨ ਲਈ ਸਹਿਮਤ ਨਹੀਂ ਹੁੰਦੇ ਹਨ, ਤਾਂ ਅਮਰੀਕਾ ਰੂਸ 'ਤੇ ਪਾਬੰਦੀਆਂ ਲਗਾਵੇਗਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਪੁਤਿਨ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਲਈ ਤਿਆਰ ਹਨ।
ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਯੂਕਰੇਨ ਵਿੱਚ ਜੰਗ ਕਦੇ ਵੀ ਸ਼ੁਰੂ ਨਹੀਂ ਹੋਣੀ ਚਾਹੀਦੀ ਸੀ। ਇੱਥੇ ਸਥਿਤੀ ਭਿਆਨਕ ਹੈ ਅਤੇ ਲੱਖਾਂ ਲੋਕ ਮਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਕੋਲ ਇੱਕ ਸਮਰੱਥ ਰਾਸ਼ਟਰਪਤੀ ਹੁੰਦਾ, ਤਾਂ ਇਹ ਯੁੱਧ ਕਦੇ ਨਾ ਹੁੰਦਾ। ਜੇ ਮੈਂ ਰਾਸ਼ਟਰਪਤੀ ਹੁੰਦਾ, ਤਾਂ ਇਹ ਨਾ ਹੁੰਦਾ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਰੂਸ ਨੇ ਯੂਕਰੇਨ 'ਤੇ ਹਮਲਾ ਕਰਨ ਦੀ ਹਿੰਮਤ ਨਹੀਂ ਕੀਤੀ।
ਅਮਰੀਕਾ ਤੋਂ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਬਾਰੇ ਟਰੰਪ ਨੇ ਕਿਹਾ ਕਿ ਉਹ ਇਸਦੀ ਸਮੀਖਿਆ ਕਰ ਰਹੇ ਹਨ। ਟਰੰਪ ਨੇ ਕਿਹਾ ਕਿ ਉਹ ਇਸ ਮੁੱਦੇ 'ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲਾਦੀਮੀਰ ਜ਼ੇਲੇਂਸਕੀ ਨਾਲ ਗੱਲ ਕਰ ਰਹੇ ਹਨ। ਟਰੰਪ ਜਲਦੀ ਹੀ ਪੁਤਿਨ ਨਾਲ ਵੀ ਗੱਲ ਕਰਨਗੇ।
ਦੂਜੇ ਪਾਸੇ, ਟਰੰਪ ਨੇ ਯੂਰਪੀਅਨ ਯੂਨੀਅਨ 'ਤੇ ਅਮਰੀਕਾ ਨਾਲੋਂ ਯੂਕਰੇਨ ਨੂੰ ਘੱਟ ਵਿੱਤੀ ਸਹਾਇਤਾ ਦੇਣ ਦਾ ਦੋਸ਼ ਲਗਾਇਆ। ਟਰੰਪ ਨੇ ਕਿਹਾ ਕਿ ਅਸੀਂ ਯੂਕਰੇਨ ਨੂੰ 200 ਬਿਲੀਅਨ ਡਾਲਰ ਦੇ ਰਹੇ ਹਾਂ। ਯੂਰਪ ਸਾਡੇ ਨਾਲੋਂ ਜਿ਼ਆਦਾ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ, ਫਿਰ ਵੀ ਉਹ ਘੱਟ ਮਦਦ ਦੇ ਰਹੇ ਹਨ।
ਯੂਕਰੇਨ ਦੇ ਰਾਸ਼ਟਰਪਤੀ ਨਾਲ ਆਪਣੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਜ਼ੇਲੇਂਸਕੀ ਸ਼ਾਂਤੀ ਚਾਹੁੰਦੇ ਹਨ। ਇਸ ਲਈ, ਦੋਨਾਂ ਧਿਰਾਂ, ਰੂਸ ਅਤੇ ਯੂਕਰੇਨ, ਨੂੰ ਗੱਲਬਾਤ ਕਰਨੀ ਪਵੇਗੀ। ਦੋਨਾਂ ਵਿਚਕਾਰ ਸਮਝੌਤਾ ਹੋਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ, ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਨਾਲ ਯੁੱਧ ਖਤਮ ਕਰਨ ਲਈ ਸਮਝੌਤੇ 'ਤੇ ਨਾ ਪਹੁੰਚ ਕੇ ਰੂਸ ਨੂੰ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਰੂਸ ਵੱਡੀ ਮੁਸੀਬਤ ਵਿੱਚ ਫਸਣ ਵਾਲਾ ਹੈ। ਉਨ੍ਹਾਂ ਨੂੰ ਸਮਝੌਤਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜ਼ੇਲੇਂਸਕੀ ਨੇ ਮੈਨੂੰ ਦੱਸਿਆ ਹੈ ਕਿ ਉਹ ਇੱਕ ਸੌਦਾ ਕਰਨਾ ਚਾਹੁੰਦੇ ਹਨ। ਮੈਨੂੰ ਨਹੀਂ ਪਤਾ ਕਿ ਪੁਤਿਨ ਅਜਿਹਾ ਕਰਦੇ ਹਨ ਜਾਂ ਨਹੀਂ। ਉਹ ਸ਼ਾਇਦ ਅਜਿਹਾ ਨਾ ਕਰਨ। ਪਰ ਮੈਨੂੰ ਲੱਗਦਾ ਹੈ ਕਿ ਪੁਤਿਨ ਨੂੰ ਇੱਕ ਸੌਦਾ ਕਰਨਾ ਚਾਹੀਦਾ ਹੈ।