ਵਾਸਿ਼ੰਗਟਨ, 21 ਜਨਵਰੀ (ਪੋਸਟ ਬਿਊਰੋ): ਐਲਨ ਮਸਕ 'ਤੇ ਅਮਰੀਕੀ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਨਾਜ਼ੀ ਸਲਾਮੀ ਦੇਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਮਸਕ ਨੇ ਸੋਮਵਾਰ ਨੂੰ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਆਯੋਜਿਤ ਰੈਲੀ ਵਿੱਚ ਸਿ਼ਰਕਤ ਕੀਤੀ। ਮਸਕ ਨੇ ਸਟੇਜ ਤੋਂ ਭਾਸ਼ਣ ਵੀ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੈਲਿਊਟ ਕੀਤਾ।
ਮਸਕ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਹ ਕੋਈ ਆਮ ਜਿੱਤ ਨਹੀਂ ਹੈ। ਇਹ ਬਹੁਤ ਮਾਇਨੇ ਰੱਖਦੀ ਹੈ। ਤੁਸੀਂ ਇਸਨੂੰ ਸੰਭਵ ਬਣਾਇਆ ਹੈ। ਇਸ ਲਈ ਤੁਹਾਡਾ ਧੰਨਵਾਦ। ਇਹ ਕਹਿਕੇ ਮਸਕ ਨੇ ਆਪਣਾ ਸੱਜਾ ਹੱਥ ਆਪਣੀ ਛਾਤੀ 'ਤੇ ਲਿਆਂਦਾ ਅਤੇ ਇਸਨੂੰ ਬਾਹਰ ਵੱਲ ਵਧਾਇਆ।
ਮਸਕ ਦੇ ਇਸ ਹਾਵ-ਭਾਵ ਦੀ ਤੁਲਨਾ ਇੰਟਰਨੈੱਟ 'ਤੇ ਨਾਜ਼ੀ ਸੈਲਿਊਟ ਨਾਲ ਕੀਤੀ ਜਾ ਰਹੀ ਹੈ। ਹਿਟਲਰ ਨੇ ਇਸ ਸੈਲਿਊਟ ਦੀ ਵਰਤੋਂ 1933 ਤੋਂ 1945 ਤੱਕ ਤੀਜੇ ਜਰਮਨ ਸਾਮਰਾਜ ਦੌਰਾਨ ਕੀਤੀ ਸੀ।
ਇਸ ਸੈਲਿਊਟ ਦੀ ਆਲੋਚਨਾ ਦਾ ਜਵਾਬ ਦਿੰਦੇ ਹੋਏ, ਮਸਕ ਨੇ ਐਕਸ 'ਤੇ ਲਿਖਿਆ ਕਿ ਸੱਚ ਕਹਾਂ ਤਾਂ ਉਨ੍ਹਾਂ ਨੂੰ ਹੋਰ ਬੁਰੀਆਂ ਤਰਕੀਬਾਂ ਦੀ ਲੋੜ ਹੈ। 'ਹਰ ਕੋਈ ਹਿਟਲਰ ਹੈ' ਵਾਲਾ ਜੁਮਲਾ ਹੁਣ ਬਹੁਤ ਪੁਰਾਣਾ ਹੋ ਗਿਆ ਹੈ।