ਵਾਸਿ਼ੰਗਟਨ, 22 ਜਨਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕੈਨੇਡਾ ਅਤੇ ਮੈਕਸੀਕੋ 'ਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਇਹ ਟੈਰਿਫ ਦੋਨਾਂ ਦੇਸ਼ਾਂ 'ਤੇ 1 ਫਰਵਰੀ ਤੋਂ ਲਗਾਇਆ ਜਾ ਸਕਦਾ ਹੈ। ਟਰੰਪ ਦਾ ਦੋਸ਼ ਹੈ ਕਿ ਕੈਨੇਡਾ ਆਪਣੀ ਸਰਹੱਦ ਤੋਂ ਅਮਰੀਕਾ ਵਿੱਚ ਗੈਰ-ਕਾਨੂੰਨੀ ਇੰਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਕਿ ਜੇਕਰ ਟਰੰਪ ਅਜਿਹੀ ਕੋਈ ਕਾਰਵਾਈ ਕਰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਜਵਾਬ ਦੇਣ ਲਈ ਤਿਆਰ ਹੈ। ਟਰੂਡੋ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਲਈ ਤਿਆਰ ਹਾਂ। ਇਹ ਕੈਨੇਡਾ ਅਤੇ ਕੈਨੇਡੀਅਨਾਂ ਲਈ ਮੁਸ਼ਕਿਲ ਸਮਾਂ ਹੈ।
ਟਰੂਡੋ ਨੇ ਅੱਗੇ ਕਿਹਾ ਕਿ ਟਰੰਪ ਅਮਰੀਕਾ ਲਈ ਸੁਨਹਿਰੀ ਯੁੱਗ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਲਈ, ਸਟੀਲ, ਐਲੂਮੀਨੀਅਮ, ਜ਼ਰੂਰੀ ਖਣਿਜ ਅਤੇ ਸਸਤੀ ਊਰਜਾ ਦੀ ਲੋੜ ਹੋਵੇਗੀ। ਕੈਨੇਡਾ ਕੋਲ ਉਹ ਸਾਰੇ ਸਰੋਤ ਹਨ।
ਅਮਰੀਕਾ ਵਿੱਚ ਸਨੀਕਰ, ਟੀ-ਸ਼ਰਟਾਂ, ਜਿ਼ਆਦਾਤਰ ਦਵਾਈਆਂ, ਗਹਿਣੇ, ਬੀਅਰ ਅਤੇ ਹੋਰ ਘਰੇਲੂ ਸਮਾਨ ਬ੍ਰਿਕਸ, ਮੈਕਸੀਕੋ ਅਤੇ ਕੈਨੇਡਾ ਵਰਗੇ ਦੇਸ਼ਾਂ ਤੋਂ ਆਉਂਦਾ ਹੈ। ਹਾਲਾਂਕਿ, ਟਰੰਪ ਪ੍ਰਸ਼ਾਸਨ ਦੇ ਅਨੁਸਾਰ, ਸਾਰੇ ਦੇਸ਼ਾਂ ਤੋਂ ਹਰ ਕਿਸਮ ਦੇ ਉਤਪਾਦਾਂ ਅਤੇ ਸੇਵਾਵਾਂ 'ਤੇ ਟੈਰਿਫ ਵਿੱਚ ਇੱਕਸਾਰ ਵਾਧਾ ਨਹੀਂ ਹੋਵੇਗਾ।
ਟਰੰਪ ਨੇ ਟੈਰਿਫ 10% ਤੋਂ ਵਧਾ ਕੇ 100% ਕਰਨ ਦੀ ਗੱਲ ਕੀਤੀ ਹੈ। ਕੁਝ ਰਿਪੋਰਟਾਂ ਵਿੱਚ ਇਸਨੂੰ ਸਿਰਫ਼ ਇੱਕ ਧਮਕੀ ਦੱਸਿਆ ਗਿਆ ਹੈ, ਪਰ ਟਰੰਪ ਨੇ ਅਜਿਹੀਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ।