ਬੇਰੂਤ, 22 ਜਨਵਰੀ (ਪੋਸਟ ਬਿਊਰੋ): ਲੇਬਨਾਨ ਵਿੱਚ ਹਿਜ਼ਬੁੱਲਾ ਦੇ ਇੱਕ ਚੋਟੀ ਦੇ ਨੇਤਾ ਸ਼ੇਖ ਮੁਹੰਮਦ ਅਲੀ ਹਮਾਦੀ ਦਾ ਮੰਗਲਵਾਰ ਨੂੰ ਕਤਲ ਕਰ ਦਿੱਤਾ ਗਿਆ। ਦ ਯਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ, ਉਹ ਬੇਕਾ ਵੈਲੀ ਵਿੱਚ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਜਦੋਂ ਦੋ ਵਾਹਨਾਂ ਵਿੱਚ ਆਏ ਅੱਤਵਾਦੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਇਸ ਹਮਲੇ ਵਿੱਚ ਹਮਾਦੀ ਨੂੰ ਕਈ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਗੋਲੀਬਾਰੀ ਤੋਂ ਬਾਅਦ ਅਣਪਛਾਤੇ ਹਮਲਾਵਰ ਭੱਜ ਗਏ, ਸਥਾਨਕ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਿਹਾ ਹੈ।
ਹਮਾਦੀ ਦੇ ਕਤਲ ਦੇ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਨਾ ਹੀ ਹਾਲੇ ਤੱਕ ਕਿਸੇ ਨੇ ਇਸਦੀ ਜਿ਼ੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਕਤਲ ਰਾਜਨੀਤਿਕ ਨਹੀਂ ਹੈ, ਸਗੋਂ ਇਸ ਪਿੱਛੇ ਚਾਰ ਸਾਲ ਪੁਰਾਣਾ ਪਰਿਵਾਰਕ ਝਗੜਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਿੱਚ ਇਸ ਕਤਲ ਪਿੱਛੇ ਇਜ਼ਰਾਈਲ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ।
ਜੰਗਬੰਦੀ ਸਮਝੌਤੇ ਦੇ ਖਤਮ ਹੋਣ ਤੋਂ ਪਹਿਲਾਂ ਹੋਏ ਹਮਾਦੀ ਦੇ ਕਤਲ ਤੋਂ ਬਾਅਦ, ਲੇਬਨਾਨੀ ਸੁਰੱਖਿਆ ਬਲਾਂ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਹਿਜ਼ਬੁੱਲਾ ਨੇ ਹਾਲੇ ਤੱਕ ਕਤਲ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਲੇਬਨਾਨ ਵਿੱਚ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ। 27 ਨਵੰਬਰ ਨੂੰ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ 60 ਦਿਨਾਂ ਦੀ ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ। ਇਹ ਸੌਦਾ 25 ਜਨਵਰੀ, 2025 ਨੂੰ ਖਤਮ ਹੋ ਰਿਹਾ ਹੈ। ਇਸ ਜੰਗਬੰਦੀ ਨੂੰ ਹੋਰ ਵਧਾਉਣ ਲਈ ਗੱਲਬਾਤ ਚੱਲ ਰਹੀ ਹੈ।