ਵਾਸਿ਼ੰਗਟਨ, 19 ਜਨਵਰੀ (ਪੋਸਟ ਬਿਊਰੋ): ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਐਤਵਾਰ ਨੂੰ ਅਮਰੀਕਾ ਵਿੱਚ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਅਤੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੂੰ ਵਧਾਈ ਦਿੱਤੀ। ਕੱਲ੍ਹ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਟਰੰਪ ਪਹਿਲਾਂ 2016 ਤੋਂ 2020 ਤੱਕ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਰਹਿ ਚੁੱਕੇ ਹਨ।
ਰਿਲਾਇੰਸ ਫਾਊਂਡੇਸ਼ਨ ਨੇ ਇਸ ਮੁਲਾਕਾਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਅਤੇ ਕਿਹਾ ਕਿ ਨੀਤਾ ਅਤੇ ਮੁਕੇਸ਼ ਅੰਬਾਨੀ ਨੇ ਵਾਸਿ਼ੰਗਟਨ ਵਿੱਚ ਇੱਕ ਨਿੱਜੀ ਰਿਸੈਪਸ਼ਨ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਵਧਾਈ ਦਿੱਤੀ।
ਨੀਤਾ ਅਤੇ ਮੁਕੇਸ਼ ਅੰਬਾਨੀ ਨੂੰ ਉਮੀਦ ਹੈ ਕਿ ਟਰੰਪ ਸਰਕਾਰ ਦੌਰਾਨ ਭਾਰਤ-ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਦੇ ਨਾਲ ਹੀ, ਉਨ੍ਹਾਂ ਨੇ ਟਰੰਪ ਨੂੰ ਉਨ੍ਹਾਂ ਦੇ ਨਵੇਂ ਕਾਰਜਕਾਲ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਜਾਣਕਾਰੀ ਅਨੁਸਾਰ ਅੰਬਾਨੀ ਜੋੜੇ ਨੂੰ ਸਹੁੰ ਚੁੱਕ ਸਮਾਗਮ ਵਿੱਚ ਇੱਕ ਮਹੱਤਵਪੂਰਨ ਸੀਟ ਮਿਲੇਗੀ। ਉਹ ਟਰੰਪ ਕੈਬਨਿਟ ਦੇ ਨਾਮਜ਼ਦ ਮੈਂਬਰਾਂ ਅਤੇ ਚੁਣੇ ਹੋਏ ਅਧਿਕਾਰੀਆਂ ਦੇ ਨਾਲ ਬੈਠਣਗੇ। ਇਸ ਤੋਂ ਇਲਾਵਾ, ਇੱਕ ਕੈਬਨਿਟ ਰਿਸੈਪਸ਼ਨ ਅਤੇ ਉਪ ਰਾਸ਼ਟਰਪਤੀ ਦਾ ਡਿਨਰ ਵੀ ਹੋਵੇਗਾ, ਜਿਸ ਵਿੱਚ ਅੰਬਾਨੀ ਪਰਿਵਾਰ ਸ਼ਾਮਿਲ ਹੋਵੇਗਾ।