ਵਾਸਿ਼ੰਗਟਨ, 22 ਜਨਵਰੀ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਬੇਦਭਾਵ ਵਿਰੁੱਧ ਚਲਾਏ ਜਾ ਰਹੇ 'ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਪ੍ਰੋਗਰਾਮ' diversity, equity, and inclusion (DEI) ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ। ਇਸਦੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਦੇ ਦਿੱਤੀਆਂ ਗਈਆਂ ਅਤੇ ਛੁੱਟੀ 'ਤੇ ਭੇਜ ਦਿੱਤਾ ਗਿਆ। ਇਨਾ ਹੀ ਨਹੀਂ, ਇਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਹਟਾਉਣ ਦੀ ਤਿਆਰੀ ਵੀ ਕੀਤੀ ਗਈ ਹੈ।
ਰਾਈਟਰਜ਼ ਅਨੁਸਾਰ, ਇਸ ਪ੍ਰੋਗਰਾਮ ਦਾ ਉਦੇਸ਼ ਔਰਤਾਂ, ਕਾਲੇ, ਘੱਟ ਗਿਣਤੀ, LGBTQ+ ਅਤੇ ਹੋਰ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਲਈ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਟਰੰਪ ਦਾ ਇਹ ਫੈਸਲਾ ਇਨ੍ਹਾਂ ਭਾਈਚਾਰਿਆਂ ਵਿਰੁੱਧ ਪੱਖਪਾਤ ਅਤੇ ਵਿਤਕਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ।
DEI ਤਹਿਤ, ਅਮਰੀਕੀ ਨਿਆਂ ਵਿਭਾਗ ਨਿੱਜੀ ਕੰਪਨੀਆਂ ਦੀ ਵੀ ਜਾਂਚ ਕਰ ਸਕਦਾ ਹੈ। ਇਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕੰਪਨੀਆਂ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕਿਹੜੀ ਪ੍ਰਕਿਰਿਆ ਅਪਣਾਈ ਹੈ ਅਤੇ ਕੀ ਇਸ ਵਿੱਚ ਕੋਈ ਭੇਦਭਾਵ ਕੀਤਾ ਜਾ ਰਿਹਾ ਹੈ।
ਹਾਲਾਂਕਿ, ਬਹੁਤ ਸਾਰੇ ਲੋਕ ਮੰਨਦੇ ਹਨ ਕਿ DEI ਤਹਿਤ ਗੋਰੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ DEI ਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ। ਟਰੰਪ ਨਿੱਜੀ ਖੇਤਰ 'ਤੇ ਵੀ ਦਬਾਅ ਪਾ ਰਹੇ ਹਨ ਕਿ ਉਹ ਲੋਕਾਂ ਦੇ ਵੱਖ-ਵੱਖ ਸਮੂਹਾਂ ਦੇ ਸ਼ਾਮਿਲ ਹੋਣ ਦੀ ਸਮੀਖਿਆ ਕਰਨ।
ਲੇਬਰ ਵਿਭਾਗ ਅਨੁਸਾਰ, ਟਰੰਪ ਨੇ 1965 ਵਿੱਚ ਲਿੰਡਨ ਜੌਹਨਸਨ ਦੁਆਰਾ ਜਾਰੀ ਕੀਤੇ ਗਏ ਹੁਕਮ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਫੈਡਰਲ ਇਕਰਾਰਨਾਮਿਆਂ ਵਿੱਚ ਨਸਲ, ਰੰਗ, ਧਰਮ, ਲਿੰਗ ਅਤੇ ਰਾਸ਼ਟਰੀ ਮੂਲ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਵੇਗਾ।