ਚੰਡੀਗੜ੍ਹ, 23 ਜਨਵਰੀ (ਪੋਸਟ ਬਿਊਰੋ): ਪੰਜਾਬ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿਖੇ ਦੀਪ ਕੁਲੈਕਸ਼ਨ ਫੈਕਟਰੀ ਦੇ ਮਾਲਕ ਪਰਵਿੰਦਰ ਸਿੰਘ ਅਤੇ ਉਸਦੇ ਕੁਝ ਸਾਥੀਆਂ ਵੱਲੋਂ ਫੈਕਟਰੀ `ਚ ਕੰਮ ਕਰਨ ਵਾਲੀਆਂ ਤਿੰਨ ਕੁੜੀਆਂ, ਇੱਕ ਬਜ਼ੁਰਗ ਔਰਤ ਅਤੇ ਇੱਕ ਆਦਮੀ ਦੇ ਮੂੰਹ ਕਾਲੇ ਕਰਨ ਅਤੇ ਉਨ੍ਹਾਂ ਨੂੰ ਇਲਾਕੇ ‘ਚ ਘੁੰਮਾਉਣ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ।
ਇਸਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੈਂਬਰ ਕੰਵਰਦੀਪ ਸਿੰਘ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਬਿਆਨ ਵੀ ਦਰਜ ਕਰ ਲਿਆ ਹੈ .
ਮਹਿਲਾ ਕਮਿਸ਼ਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਪੀੜਤਾਂ ਨਾਲ ਗੱਲਬਾਤ ਕੀਤੀ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ‘ਤੇ ਚੋਰੀ ਦਾ ਝੂਠਾ ਦੋਸ਼ ਲਗਾਇਆ ਹੈ। ਉਨ੍ਹਾਂ ਨੂੰ ਇੱਕ ਫੈਕਟਰੀ ‘ਚ ਬੰਦ ਕਰ ਦਿੱਤਾ ਗਿਆ ਅਤੇ ਕੁੱਟਮਾਰ ਵੀ ਕੀਤੀ। ਫੈਕਟਰੀ ਦੇ ਕੁਝ ਲੋਕ ਕਮਰੇ ‘ਚ ਆਏ ਅਤੇ ਕੱਪੜੇ ਚੁੱਕ ਕੇ ਲੈ ਗਏ।
ਪੀੜਤ ਪਰਿਵਾਰ ਮੁਤਬਕ ਉਹ ਕੱਪੜੇ ਉਸ ਦੁਕਾਨ ‘ਤੇ ਲੈ ਜਾ ਸਕਦੇ ਹਨ ਜਿੱਥੋਂ ਉਨ੍ਹਾਂ ਨੇ ਖਰੀਦੇ ਸਨ ਅਤੇ ਫੈਕਟਰੀ ਮਾਲਕ ਨੂੰ ਸਬੂਤ ਦੇ ਸਕਦੇ ਹਨ . ਫੈਕਟਰੀ ਵਾਲਿਆਂ ਨੇ ਇੱਕ ਬੱਚੇ ਦੀ ਘੜੀ ਰੱਖੀ ਹੋਈ ਹੈ। ਪਰਿਵਾਰ ਦੇ ਮੋਬਾਈਲ ਫੋਨ ਵੀ ਰੱਖ ਲਏ ਗਏ ਹਨ। ਪੁਲਿਸ ਫੈਕਟਰੀ ਮਾਲਕ ਨੂੰ ਗ੍ਰਿਫ਼ਤਾਰ ਕਰਨ ਲਈ ਹੁਸ਼ਿਆਰਪੁਰ ‘ਚ ਵੀ ਛਾਪੇਮਾਰੀ ਕਰ ਰਹੀ ਹੈ। ਪਰਿਵਾਰ ਦਾ ਮੂੰਹ ਕਾਲਾ ਕਰਕੇ ਘੁੰਮਾਉਣਾ ਕਾਨੂੰਨ ਦੇ ਵਿਰੁੱਧ ਹੈ।
ਮਹਿਲਾ ਕਮਿਸ਼ਨ ਨੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਪੂਰੀ ਘਟਨਾ ਦੀ ਸਟੇਟਸ ਰਿਪੋਰਟ ਮੰਗੀ ਹੈ। ਇਸ ਦੌਰਾਨ ਜੋਧੇਵਾਲ ਥਾਣੇ ਨੇ ਫੈਕਟਰੀ ਮਾਲਕ ਪਰਮਿੰਦਰ ਸਿੰਘ, ਮੈਨੇਜਰ ਮਨਪ੍ਰੀਤ ਸਿੰਘ, ਮੁਹੰਮਦ ਕੈਸ਼ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 127,356,74,75,61(2) ਤਹਿਤ ਐਫਆਈਆਰ ਨੰਬਰ 08 ਦਰਜ ਕਰ ਲਈ ਹੈ।