ਵਾਸਿ਼ੰਗਟਨ, 22 ਜਨਵਰੀ (ਪੋਸਟ ਬਿਊਰੋ): ਅਮਰੀਕਾ ਦੇ ਕਈ ਦੱਖਣੀ ਰਾਜ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਤੂਫਾਨ ਕਾਰਨ ਹੁਣ ਤੱਕ ਲਗਭਗ 10 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ 2100 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮਿਸੀਸਿਪੀ, ਅਲਾਬਾਮਾ, ਫਲੋਰੀਡਾ, ਜਾਰਜੀਆ ਅਤੇ ਲੁਈਸਿਆਨਾ ਸਮੇਤ ਕਈ ਰਾਜਾਂ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ।
ਰਿਕਾਰਡ ਬਰਫ਼ਬਾਰੀ ਕਾਰਨ ਕਈ ਇਲਾਕਿਆਂ ਵਿੱਚ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ, ਯੂਐੱਸ ਨੈਸ਼ਨਲ ਵੈਦਰ ਸਰਵਿਸ (ਐੱਨਐੱਸਡਬਲਯੂ) ਨੇ ਚਿਤਾਵਨੀ ਦਿੱਤੀ ਸੀ ਕਿ ਬਰਫੀਲੇ ਤੂਫਾਨ ਕਾਰਨ ਅਮਰੀਕਾ ਦੇ ਦੱਖਣ-ਪੂਰਬੀ ਰਾਜਾਂ ਵਿੱਚ ਭਾਰੀ ਬਰਫ਼ਬਾਰੀ, ਗੜੇਮਾਰੀ ਅਤੇ ਜਮਾਓ ਵਾਲਾ ਮੀਂਹ ਪੈ ਸਕਦਾ ਹੈ।
ਸੜਕਾਂ ਬੰਦ ਹੋਣ ਕਾਰਨ ਟੈਕਸਾਸ ਤੋਂ ਫਲੋਰੀਡਾ ਤੱਕ ਅਮਰੀਕਾ ਵਿੱਚ ਜਨਜੀਵਨ ਠੱਪ ਹੋ ਗਿਆ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਰਫ਼ਬਾਰੀ ਰੁਕਣ ਤੋਂ ਬਾਅਦ ਵੀ ਸੜਕਾਂ ਖੁੱਲ੍ਹਣ ਅਤੇ ਹਵਾਈ ਸੇਵਾਵਾਂ ਮੁੜ ਸ਼ੁਰੂ ਹੋਣ ਵਿੱਚ ਕਈ ਦਿਨ ਲੱਗਣਗੇ।
ਰਿਪੋਰਟਾਂ ਅਨੁਸਾਰ, ਟੈਕਸਾਸ ਵਿੱਚ ਇੱਕ ਹਾਈਵੇਅ 'ਤੇ ਬਰਫ਼ਬਾਰੀ ਕਾਰਨ ਹੋਏ ਇੱਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਅਲਾਬਾਮਾ ਵਿੱਚ ਵੀ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਦੀ ਖ਼ਬਰ ਹੈ। ਜਾਰਜੀਆ ਵਿੱਚ, ਇੱਕ ਵਿਅਕਤੀ ਦੀ ਹਾਈਪੋਥਰਮੀਆ ਕਾਰਨ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਆਰਕਟਿਕ ਤੋਂ ਪੈਦਾ ਹੋਇਆ ਇਹ ਤੂਫਾਨ ਦੱਖਣੀ ਰਾਜਾਂ ਵਿੱਚ ਰਾਤ ਦੇ ਸਮੇਂ ਹੋਰ ਵੀ ਮੁਸ਼ਕਿਲ ਹਾਲਾਤ ਪੈਦਾ ਕਰੇਗਾ। ਹਾਲਾਂਕਿ, ਇਸ ਹਫ਼ਤੇ ਦੇ ਅੰਤ ਤੱਕ ਮੌਸਮ ਆਮ ਹੋ ਜਾਵੇਗਾ। ਲੁਈਸਿਆਨਾ ਵਿੱਚ ਭਾਰੀ ਬਰਫ਼ਬਾਰੀ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।