ਲੰਡਨ, 23 ਜਨਵਰੀ (ਪੋਸਟ ਬਿਊਰੋ): ਪ੍ਰਿੰਸ ਹੈਰੀ ਨੇ ਮੀਡੀਆ ਮੁਗਲ ਰੂਪਰਟ ਮਰਡੋਕ ਦੇ ਅਖਬਾਰ ਦ ਸਨ ਨਾਲ ਇੱਕ ਸਮਝੌਤਾ ਕੀਤਾ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਪ੍ਰਿੰਸ ਹੈਰੀ ਦੇ ਵਕੀਲ ਨੇ ਬੁੱਧਵਾਰ ਨੂੰ ਕਿਹਾ ਕਿ ਦ ਸਨ ਨੇ ਪ੍ਰਿੰਸ ਹੈਰੀ ਤੋਂ ਉਨ੍ਹਾਂ ਦੀ ਨਿੱਜੀ ਜਿ਼ੰਦਗੀ ਵਿੱਚ ਦਖਲ ਦੇਣ ਲਈ ਮੁਆਫੀ ਮੰਗੀ ਹੈ।
ਇਸ ਮੁਆਫ਼ੀ ਤੋਂ ਬਾਅਦ, ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪ੍ਰਿੰਸ ਹੈਰੀ ਅਤੇ ਰੂਪਰਟ ਮਰਡੋਕ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਹੱਲ ਹੋ ਗਈ ਹੈ। ਜਾਣਕਾਰੀ ਅਨੁਸਾਰ, ਇਸ ਸਮਝੌਤੇ ਰਾਹੀਂ ਪ੍ਰਿੰਸ ਹੈਰੀ ਨੂੰ ਮੁਆਵਜ਼ੇ ਵਜੋਂ 100 ਕਰੋੜ ਰੁਪਏ ਤੋਂ ਵੱਧ ਮਿਲਣਗੇ।
ਮਰਡੋਕ ਦੀਆਂ ਦੋ ਨਿਊਜ਼ ਕੰਪਨੀਆਂ, ਨਿਊਜ਼ ਆਫ਼ ਦ ਵਰਲਡ ਅਤੇ ਦ ਸਨ, 'ਤੇ 1996 ਤੋਂ 2011 ਦਰਮਿਆਨ ਪ੍ਰਿੰਸ ਹੈਰੀ ਦੇ ਫੋਨ ਨੂੰ ਹੈਕ ਕਰਨ ਅਤੇ ਗੈਰ-ਕਾਨੂੰਨੀ ਢੰਗ ਨਾਲ ਉਸਦੀ ਨਿੱਜੀ ਜਾਣਕਾਰੀ ਇਕੱਠੀ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਹੈਰੀ ਨੇ ਦੋਸ਼ ਲਗਾਇਆ ਸੀ ਕਿ ਅਜਿਹੀਆਂ ਖ਼ਬਰਾਂ 200 ਤੋਂ ਵੱਧ ਵਾਰ ਪ੍ਰਕਾਸਿ਼ਤ ਹੋਈਆਂ ਸਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਨਿੱਜੀ ਜਾਣਕਾਰੀ ਦਾ ਜਿ਼ਕਰ ਕੀਤਾ ਗਿਆ ਸੀ। ਅਖ਼ਬਾਰ ਨੇ ਮੰਨਿਆ ਹੈ ਕਿ ਇਹ ਗੈਰ-ਕਾਨੂੰਨੀ ਸੀ। ਦ ਨਿਊਜ਼ ਆਫ਼ ਦ ਵਰਲਡ 2011 ਵਿੱਚ ਬੰਦ ਹੋ ਗਿਆ ਸੀ।
ਬ੍ਰਿਟਿਸ਼ ਅਖਬਾਰ ਨੇ ਪ੍ਰਿੰਸ ਹੈਰੀ ਦੀ ਮਾਂ ਲੇਡੀ ਡਾਇਨਾ ਦੀ ਨਿੱਜੀ ਜਿ਼ੰਦਗੀ ਵਿੱਚ ਘੁਸਪੈਠ ਕਰਨ ਲਈ ਮੁਆਫੀ ਵੀ ਮੰਗੀ ਹੈ। ਡਾਇਨਾ ਦੀ 1997 ਵਿੱਚ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਦਸੇ ਤੋਂ ਪਹਿਲਾਂ, ਬਹੁਤ ਸਾਰੇ ਫੋਟੋਗ੍ਰਾਫਰ ਪ੍ਰਿੰਸ ਡਾਇਨਾ ਦੀਆਂ ਤਸਵੀਰਾਂ ਲੈਣ ਲਈ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ।
ਅਖ਼ਬਾਰ 'ਦ ਸਨ' ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ
ਕਿ ਅਸੀਂ ਡਿਊਕ ਤੋਂ ਉਸ ਨੂੰ ਹੋਈ ਤਕਲੀਫ਼ ਅਤੇ ਉਸਦੇ ਰਿਸ਼ਤਿਆਂ, ਦੋਸਤੀਆਂ ਅਤੇ ਪਰਿਵਾਰ ਨੂੰ ਹੋਏ ਨੁਕਸਾਨ ਲਈ ਮੁਆਫ਼ੀ ਮੰਗਦੇ ਹਾਂ ਅਤੇ ਉਸਨੂੰ ਵੱਡਾ ਮੁਆਵਜ਼ਾ ਦੇਣ ਲਈ ਤਿਆਰ ਹਾਂ।