ਬੀਜਾਪੁਰ, 16 ਜਨਵਰੀ (ਪੋਸਟ ਬਿਊਰੋ): ਛੱਤੀਸਗੜ੍ਹ ਦੇ ਬੀਜਾਪੁਰ ਜਿ਼ਲ੍ਹੇ ਵਿੱਚ ਵੀਰਵਾਰ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ 12 ਨਕਸਲੀ ਮਾਰੇ ਗਏ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲਾ ਸਵੇਰੇ 9 ਵਜੇ ਦੇ ਕਰੀਬ ਦੱਖਣੀ ਬੀਜਾਪੁਰ ਦੇ ਜੰਗਲਾਂ ਵਿੱਚ ਉਸ ਵੇਲੇ ਸ਼ੁਰੂ ਹੋਇਆ ਜਦੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨਕਸਲ ਵਿਰੋਧੀ ਕਾਰਵਾਈ ’ਤੇ ਸੀ।
ਉਨ੍ਹਾਂ ਦੱਸਿਆ ਕਿ ਸ਼ਾਮ ਤੱਕ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਅਧਿਕਾਰੀ ਨੇ ਕਿਹਾ, “ਸ਼ੁਰੂਆਤੀ ਜਾਣਕਾਰੀ ਅਨੁਸਾਰ ਮੁਕਾਬਲੇ ਵਿੱਚ 12 ਨਕਸਲੀ ਮਾਰੇ ਗਏ। ਇਲਾਕੇ ਵਿੱਚ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਇਸ ਮਹੀਨੇ ਹੁਣ ਤੱਕ ਸੂਬੇ ਵਿੱਚ ਵੱਖ-ਵੱਖ ਮੁਕਾਬਲਿਆਂ ’ਚ 26 ਨਕਸਲੀ ਮਾਰੇ ਜਾ ਚੁੱਕੇ ਹਨ। ਬੀਜਾਪੁਰ ਜਿ਼ਲ੍ਹੇ ਦੇ ਮਦੀਦ ਥਾਣਾ ਖੇਤਰ ਵਿੱਚ 12 ਜਨਵਰੀ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਦੋ ਔਰਤਾਂ ਸਮੇਤ ਪੰਜ ਮਾਓਵਾਦੀ ਮਾਰੇ ਗਏ ਸਨ। ਪਿਛਲੇ ਸਾਲ ਸੁਰੱਖਿਆ ਬਲਾਂ ਨੇ ਸੂਬੇ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ 219 ਨਕਸਲੀਆਂ ਨੂੰ ਮਾਰ ਮੁਕਾਇਆ ਸੀ।