ਕੰਪਾਲਾ, 20 ਦਸੰਬਰ (ਪੋਸਟ ਬਿਊਰੋ): ਅਫਰੀਕੀ ਦੇਸ਼ ਯੂਗਾਂਡਾ ਵਿੱਚ 300 ਤੋਂ ਵੱਧ ਲੋਕ ਡਿੰਗਾ ਡਿੰਗਾ ਵਾਇਰਸ ਨਾਲ ਇਨਫੈਕਟਿਡ ਹੋਏ ਹਨ। ਇਨ੍ਹਾਂ ਵਿੱਚ ਜਿ਼ਆਦਾਤਰ ਔਰਤਾਂ ਅਤੇ ਲੜਕੀਆਂ ਹਨ। ਇਸ ਰਹੱਸਮਈ ਬੀਮਾਰੀ ਦਾ ਸਭ ਤੋਂ ਵੱਧ ਅਸਰ ਯੂਗਾਂਡਾ ਦੇ ਬੁੰਦੀਬਾਗਿਓ ਜਿ਼ਲ੍ਹੇ ਵਿੱਚ ਦੇਖਿਆ ਗਿਆ ਹੈ।
ਮਾਨੀਟਰ ਅਨੁਸਾਰ, ਜਦੋਂ ਮਰੀਜ਼ ਇਸ ਵਾਇਰਸ ਨਾਲ ਇਨਫੈਕਟਿਡ ਹੋ ਜਾਂਦਾ ਹੈ, ਤਾਂ ਉਸਦੇ ਸਰੀਰ ਵਿੱਚ ਤੇਜ਼ ਕੰਬਣੀ ਸ਼ੁਰੂ ਹੋ ਜਾਂਦੀ ਹੈ। ਇਹ ਕੰਬਣੀ ਇਨੀ ਤੇਜ਼ ਹੈ ਕਿ ਇੰਝ ਲੱਗਦਾ ਹੈ ਜਿਵੇਂ ਮਰੀਜ਼ ਨੱਚ ਰਿਹਾ ਹੋਵੇ। ਜੇਕਰ ਇਨਫੈਕਸ਼ਨ ਗੰਭੀਰ ਹੈ, ਤਾਂ ਮਰੀਜ਼ ਨੂੰ ਅਧਰੰਗ ਵੀ ਹੋ ਸਕਦਾ ਹੈ।
ਬੁੰਦੀਬਾਗਿਓ ਜਿ਼ਲ੍ਹਾ ਸਿਹਤ ਅਧਿਕਾਰੀ ਕੀਇਤਾ ਕ੍ਰਿਸਟੋਫਰ ਅਨੁਸਾਰ, ਇਸ ਵਾਇਰਸ ਦਾ ਪਤਾ ਪਹਿਲੀ ਵਾਰ 2023 ਵਿੱਚ ਲੱਗਾ ਸੀ। ਉਦੋਂ ਤੋਂ ਯੂਗਾਂਡਾ ਸਰਕਾਰ ਇਸਦੀ ਜਾਂਚ ਕਰ ਰਹੀ ਹੈ।
ਯੂਗਾਂਡਾ ਦੇ ਸਿਹਤ ਵਿਭਾਗ ਨੇ ਹਾਲੇ ਤੱਕ ਡਿੰਗਾ ਡਿੰਗਾ ਵਾਇਰਸ ਕਾਰਨ ਹੋਈਆਂ ਮੌਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵਿਭਾਗ ਨੇ ਲੋਕਾਂ ਨੂੰ ਸਮੇਂ ਸਿਰ ਦਵਾਈਆਂ ਲੈਣ ਦੀ ਸਲਾਹ ਦਿੱਤੀ ਹੈ। ਇਨਫੈਟਿਡ ਲੋਕਾਂ ਨੂੰ ਬੁੰਦੀਬਾਗਿਓਂ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਹੁਣ ਤੱਕ ਇਸ ਬੀਮਾਰੀ ਨੂੰ ਰੋਕਣ ਲਈ ਕੋਈ ਵੈਕਸੀਨ ਨਹੀਂ ਹੈ। ਸਿਹਤ ਅਧਿਕਾਰੀ ਕਿਆਇਤਾ ਅਨੁਸਾਰ ਸੰਕਰਮਿਤ ਲੋਕਾਂ ਦਾ ਐਂਟੀਬਾਇਓਟਿਕਸ ਦੇ ਕੇ ਇਲਾਜ ਕੀਤਾ ਜਾ ਰਿਹਾ ਹੈ। ਇਸ ਤੋਂ ਉਭਰਨ ਵਿੱਚ ਕਰੀਬ ਇੱਕ ਹਫ਼ਤਾ ਲੱਗ ਰਿਹਾ ਹੈ।
ਕੀਇਤਾ ਨੇ ਹਰਬਲ ਦਵਾਈਆਂ ਨੂੰ ਵਾਇਰਸ ਦੇ ਇਲਾਜ ਵਿਚ ਬੇਅਸਰ ਦੱਸਿਆ ਹੈ ਅਤੇ ਲੋਕਾਂ ਨੂੰ ਟੈਸਟ ਅਤੇ ਇਲਾਜ ਲਈ ਹਸਪਤਾਲ ਆਉਣ ਲਈ ਕਿਹਾ ਹੈ।