ਮਾਸਕੋ, 17 ਦਸੰਬਰ (ਪੋਸਟ ਬਿਊਰੋ): ਰੂਸ ਦੇ ਨਿਊਕਲੀਅਰ ਚੀਫ ਇਗੋਰ ਕਿਰੀਲੋਵ ਦੀ ਮੰਗਲਵਾਰ ਨੂੰ ਮਾਸਕੋ 'ਚ ਹੋਏ ਧਮਾਕੇ 'ਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਜਨਰਲ ਕਿਰੀਲੋਵ ਅਪਾਰਟਮੈਂਟ ਤੋਂ ਬਾਹਰ ਆ ਰਹੇ ਸਨ ਜਦੋਂ ਨੇੜੇ ਖੜ੍ਹੇ ਇਕ ਸਕੂਟਰ 'ਚ ਧਮਾਕਾ ਹੋ ਗਿਆ। ਇਸ ਵਿਚ ਕਿਰੀਲੋਵ ਦੇ ਨਾਲ ਉਸ ਦਾ ਸਹਾਇਕ ਵੀ ਮਾਰਿਆ ਗਿਆ।
ਇਹ ਧਮਾਕਾ ਮਾਸਕੋ ਦੇ ਰਾਸ਼ਟਰਪਤੀ ਭਵਨ ਕ੍ਰੇਮਲਿਨ ਤੋਂ ਮਹਿਜ਼ 7 ਕਿਲੋਮੀਟਰ ਦੂਰ ਹੋਇਆ। ਰੂਸ ਦੀ ਜਾਂਚ ਏਜੰਸੀ ਨੇ ਕਿਹਾ ਕਿ ਧਮਾਕੇ ਲਈ 300 ਗ੍ਰਾਮ ਟੀਐੱਨਟੀ ਦੀ ਵਰਤੋਂ ਕੀਤੀ ਗਈ ਸੀ। ਏਜੰਸੀ ਨੇ ਅਪਰਾਧਿਕ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਈਟਰਜ਼ ਨੇ ਯੂਕਰੇਨੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਕਿਰੀਲੋਵ ਦੀ ਹੱਤਿਆ ਯੂਕਰੇਨ ਨੇ ਹੀ ਕਰਵਾਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਯੂਕਰੇਨ ਦੀ ਸੁਰੱਖਿਆ ਸੇਵਾ ਏਜੰਸੀ (ਐੱਸਬੀਯੂ) ਨਾਲ ਜੁੜੇ ਇੱਕ ਸੂਤਰ ਨੇ ਇਸ ਦੀ ਜਿ਼ੰਮੇਵਾਰੀ ਲਈ ਹੈ।
ਕਿਰਿਲੋਵ ਨੂੰ ਅਪ੍ਰੈਲ 2017 ਵਿੱਚ ਪ੍ਰਮਾਣੂ ਬਲਾਂ ਦਾ ਮੁਖੀ ਬਣਾਇਆ ਗਿਆ ਸੀ। ਉਹ ਰੂਸ ਦੇ ਰੇਡੀਏਸ਼ਨ, ਰਸਾਇਣਕ ਅਤੇ ਜੈਵਿਕ ਹਥਿਆਰਾਂ ਦੇ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਇਮਾਰਤ ਦੀ ਚੌਥੀ ਮੰਜ਼ਿਲ ਤੱਕ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਯੂਐੱਨ ਟੂਲ ਅਨੁਸਾਰ, ਲਗਭਗ 17 ਮੀਟਰ (55 ਫੁੱਟ) ਦੀ ਦੂਰੀ 'ਤੇ ਸਥਿਤ ਸ਼ੀਸ਼ੇ ਦੀ ਖਿੜਕੀ ਨੂੰ ਵੀ 300 ਗ੍ਰਾਮ ਟੀਐੱਨਟੀ ਵਿਸਫੋਟਕ ਨਾਲ ਤੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਵਿਸਫੋਟਕ ਧਮਾਕੇ ਵਿਚ 1.3 ਮੀਟਰ ਦੂਰ ਇਕ ਘਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਕਿਰੀਲੋਵ ਦੀ ਮੌਤ ਤੋਂ ਬਾਅਦ ਰੂਸੀ ਸੰਸਦ ਦੇ ਡਿਪਟੀ ਸਪੀਕਰ ਨੇ ਕਿਹਾ ਹੈ ਕਿ ਉਨ੍ਹਾਂ ਦੇ ਕਤਲ ਦਾ ਬਦਲਾ ਜ਼ਰੂਰ ਲਿਆ ਜਾਵੇਗਾ।