ਵਾਸਿ਼ੰਗਟਨ, 18 ਦਸੰਬਰ (ਪੋਸਟ ਬਿਊਰੋ): ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਧਰਤੀ 'ਤੇ ਪਰਤਣ ਲਈ ਹੋਰ ਸਮਾਂ ਲੱਗ ਸਕਦਾ ਹੈ। ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਹੁਣ ਪੁਲਾੜ ਯਾਤਰੀਆਂ ਨੂੰ ਘੱਟੋ-ਘੱਟ ਮਾਰਚ 2025 ਦੇ ਅੰਤ ਤੱਕ ਇੰਤਜ਼ਾਰ ਕਰਨਾ ਹੋਵੇਗਾ। ਇਹ ਮਿਤੀ ਅਪ੍ਰੈਲ ਦੀ ਸ਼ੁਰੂਆਤ ਤੱਕ ਵੀ ਵਧ ਸਕਦੀ ਹੈ।
ਨਾਸਾ ਦੇ ਅਧਿਕਾਰੀਆਂ ਮੁਤਾਬਕ ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਉਡਾਨ ਲਈ ਨਵਾਂ ਕੈਪਸੂਲ ਬਣਾਉਣਾ ਹੈ, ਜਿਸ 'ਚ ਸਮਾਂ ਲੱਗੇਗਾ। ਨਾਸਾ ਮੁਤਾਬਕ ਪੁਲਾੜ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਲਈ ਇੱਕ ਕੈਪਸੂਲ ਬਣਾਇਆ ਜਾ ਰਿਹਾ ਹੈ। ਇਹ ਕੰਮ ਮਾਰਚ ਦੇ ਅੰਤ ਤੱਕ ਪੂਰਾ ਕੀਤਾ ਜਾ ਸਕਦਾ ਹੈ, ਜਿਸ ਤੋਂ ਬਾਅਦ ਹੀ ਪੁਲਾੜ ਵਿੱਚ ਫਸੇ ਪੁਲਾੜ ਯਾਤਰੀਆਂ ਨੂੰ ਵਾਪਿਸ ਲਿਆਂਦਾ ਜਾ ਸਕੇਗਾ।
ਸੁਨੀਤਾ ਵਿਲੀਅਮਜ਼ 5 ਜੂਨ ਨੂੰ ਬੁਚ ਵਿਲਮੋਰ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਏ ਸਨ। ਉਨ੍ਹਾਂ ਦੀ ਯਾਤਰਾ ਸਿਰਫ 8 ਦਿਨਾਂ ਦੀ ਸੀ ਪਰ ਪੁਲਾੜ ਯਾਨ ਵਿੱਚ ਖਰਾਬੀ ਕਾਰਨ ਉਹ ਧਰਤੀ 'ਤੇ ਵਾਪਿਸ ਨਹੀਂ ਆ ਸਕੇ।