ਵਾਸਿ਼ੰਗਟਨ, 17 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਲਗਭਗ ਤਿੰਨ ਸਾਲਾਂ ਤੋਂ ਚੱਲ ਰਹੇ ਯੁੱਧ ਨੂੰ ਰੋਕਣ ਲਈ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਗੱਲਬਾਤ ਲਈ ਤਿਆਰ ਰਹਿਣਾ ਚਾਹੀਦਾ ਹੈ।
ਰਾਈਟਰਜ਼ ਦੀ ਰਿਪੋਰਟ ਮੁਤਾਬਕ ਟਰੰਪ ਨੇ ਕਿਹਾ ਕਿ ਉਹ ਜੰਗ ਕਾਰਨ ਹੋਈ ਤਬਾਹੀ ਨੂੰ ਦੇਖ ਕੇ ਬਹੁਤ ਦੁਖੀ ਹਨ। ਇਸ ਨੂੰ ਰੋਕਣਾ ਚਾਹੀਦਾ ਹੈ। ਇਸ ਲਈ ਉਹ ਪੁਤਿਨ ਅਤੇ ਜ਼ੇਲੇਂਸਕੀ ਨਾਲ ਗੱਲ ਕਰਨਗੇ। ਹਾਲਾਂਕਿ, ਟਰੰਪ ਨੇ ਇਹ ਨਹੀਂ ਦੱਸਿਆ ਕਿ ਉਹ ਯੂਕਰੇਨ ਯੁੱਧ ਨੂੰ ਕਿਵੇਂ ਰੋਕਣਗੇ।
ਟਰੰਪ ਨੇ ਕਿਹਾ ਕਿ ਯੁੱਧ ਕਾਰਨ ਜਿ਼ਆਦਾਤਰ ਵਿਵਾਦਿਤ ਇਲਾਕਾ ਮਲਬੇ 'ਚ ਤਬਦੀਲ ਹੋ ਗਿਆ ਹੈ ਅਤੇ ਇਸ ਦੀ ਮੁਰੰਮਤ 'ਚ 100 ਸਾਲ ਤੋਂ ਜਿ਼ਆਦਾ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਕਈ ਸ਼ਹਿਰ ਅਜਿਹੇ ਹਨ ਜਿੱਥੇ ਇਕ ਵੀ ਇਮਾਰਤ ਨਹੀਂ ਬਚੀ। ਸਭ ਕੁਝ ਤਬਾਹ ਹੋ ਗਿਆ ਹੈ।
ਟਰੰਪ ਨੇ ਕਿਹਾ ਕਿ ਰੂਸ-ਯੂਕਰੇਨ ਯੁੱਧ ਦੀਆਂ ਅਜਿਹੀਆਂ ਕਈ ਤਸਵੀਰਾਂ ਹਨ, ਜਿਨ੍ਹਾਂ 'ਚ ਲਾਸ਼ਾਂ ਬੁਰੀ ਹਾਲਤ 'ਚ ਪਈਆਂ ਹਨ। ਇਨ੍ਹਾਂ ਨੂੰ ਦੇਖ ਕੇ ਮੈਨੂੰ 1861-1865 ਤੱਕ ਚੱਲੀ ਅਮਰੀਕੀ ਘਰੇਲੂ ਜੰਗ ਦੀਆਂ ਭਿਆਨਕ ਤਸਵੀਰਾਂ ਯਾਦ ਆ ਜਾਂਦੀਆਂ ਹਨ।
ਇਸ ਤੋਂ ਪਹਿਲਾਂ ਅਮਰੀਕੀ ਚੋਣਾਂ ਦੌਰਾਨ ਡੋਨਾਲਡ ਟਰੰਪ ਨੇ ਬਿਡੇਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ ਦਿੱਤੀ ਗਈ ਅਰਬਾਂ ਡਾਲਰ ਦੀ ਮਦਦ 'ਤੇ ਸਵਾਲ ਖੜ੍ਹੇ ਕੀਤੇ ਸਨ। ਪਿਛਲੇ ਹਫ਼ਤੇ ਟਾਈਮ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਉਹ ਰੂਸ-ਯੂਕਰੇਨ ਜੰਗ ਨੂੰ ਜਲਦੀ ਤੋਂ ਜਲਦੀ ਰੋਕਣਾ ਚਾਹੁੰਦੇ ਹਨ।