ਬੀਜਿੰਗ, 18 ਦਸੰਬਰ (ਪੋਸਟ ਬਿਊਰੋ): ਚੀਨ ਦੇ ਦੌਰੇ 'ਤੇ ਗਏ ਐੱਨਐੱਸਏ ਅਜੀਤ ਡੋਭਾਲ ਨੇ ਬੁੱਧਵਾਰ ਨੂੰ ਬੀਜਿੰਗ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋਨਾਂ ਵਿਚਾਲੇ ਮੁਲਾਕਾਤ ਦੌਰਾਨ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਚਾਰ ਸਾਲਾਂ ਤੋਂ ਰੁਕੇ ਹੋਏ ਦੁਵੱਲੇ ਸਬੰਧਾਂ ਨੂੰ ਬਹਾਲ ਕਰਨ ਸਮੇਤ ਕਈ ਮੁੱਦਿਆਂ 'ਤੇ ਚਰਚਾ ਹੋਈ।
ਦੋਨਾਂ ਵਿਚਾਲੇ ਮੁਲਾਕਾਤ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ ਸ਼ੁਰੂ ਹੋਈ। ਬੈਠਕ ਤੋਂ ਬਾਅਦ ਚੀਨ ਨੇ ਕਿਹਾ ਕਿ ਉਹ ਭਾਰਤ ਨਾਲ ਕੀਤੇ ਗਏ ਸਮਝੌਤਿਆਂ ਨੂੰ ਲਾਗੂ ਕਰੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਚੀਨ ਇਮਾਨਦਾਰੀ ਨਾਲ ਮਤਭੇਦਾਂ ਨੂੰ ਸੁਲਝਾਉਣ ਲਈ ਤਿਆਰ ਹੈ।
ਡੋਭਾਲ 17 ਅਕਤੂਬਰ ਨੂੰ ਭਾਰਤ ਅਤੇ ਚੀਨ ਵਿਚਾਲੇ 23ਵੀਂ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਬੈਠਕ ਵਿਚ ਸ਼ਾਮਿਲ ਹੋਣ ਲਈ ਪਹੁੰਚੇ ਸਨ। ਡੋਭਾਲ ਨਾਲ ਭਾਰਤੀ ਵਫ਼ਦ ਵੀ ਮੌਜੂਦ ਸੀ। ਭਾਰਤ ਅਤੇ ਚੀਨ ਵਿਚਾਲੇ ਇਸ ਸਾਲ ਅਕਤੂਬਰ 'ਚ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਸਮਝੌਤਾ ਹੋਇਆ ਸੀ। ਇਸ ਲਈ ਦੋਨਾਂ ਦੇਸ਼ਾਂ ਨੇ ਅਜੀਤ ਡੋਭਾਲ ਅਤੇ ਵਾਂਗ ਯੀ ਨੂੰ ਵਿਸ਼ੇਸ਼ ਪ੍ਰਤੀਨਿਧੀ ਬਣਾਇਆ ਸੀ।
2019 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਸੀਨੀਅਰ ਭਾਰਤੀ ਅਧਿਕਾਰੀ ਚੀਨ ਦਾ ਦੌਰਾ ਕਰ ਰਿਹਾ ਹੈ। ਇਸ ਤੋਂ ਪਹਿਲਾਂ 2019 ਵਿੱਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਬੀਜਿੰਗ ਦਾ ਦੌਰਾ ਕੀਤਾ ਸੀ।