ਤਬਿਲਿਸੀ, 17 ਦਸੰਬਰ (ਪੋਸਟ ਬਿਊਰੋ): ਜਾਰਜੀਆ ਦੇ ਗੁਡੌਰੀ ਵਿੱਚ ਇੱਕ ਰੈਸਟੋਰੈਂਟ ਵਿੱਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। 12ਵਾਂ ਵਿਅਕਤੀ ਜਾਰਜੀਆ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ ਇਹ ਸਾਰੇ ਰੈਸਟੋਰੈਂਟ ਦੀ ਦੂਜੀ ਮੰਜਿ਼ਲ 'ਤੇ ਇਕ ਕਮਰੇ 'ਚ ਸੌਂ ਰਹੇ ਸਨ। ਫਿਰ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਉਨ੍ਹਾਂ ਦਾ ਦਮ ਘੁੱਟ ਗਿਆ।
ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਉਨ੍ਹਾਂ ਦੇ ਸਰੀਰ 'ਤੇ ਹਿੰਸਾ ਜਾਂ ਸੱਟ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਜਾਰਜੀਆ ਦੀ ਰਾਜਧਾਨੀ ਤਬਿਲਿਸੀ ਸਥਿਤ ਭਾਰਤੀ ਦੂਤਾਵਾਸ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਦੂਤਾਵਾਸ ਨੇ ਕਿਹਾ ਕਿ ਅਸੀਂ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਤਾਂ ਜੋ ਲਾਸ਼ਾਂ ਨੂੰ ਜਲਦੀ ਭਾਰਤ ਭੇਜਿਆ ਜਾ ਸਕੇ।
ਜਾਰਜੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਐੱਨਐੱਨ ਅਨੁਸਾਰ, ਇੱਕ ਜਨਰੇਟਰ ਮਜ਼ਦੂਰਾਂ ਦੇ ਬਿਸਤਰਿਆਂ ਦੇ ਨੇੜੇ ਮਿਲਿਆ ਸੀ ਅਤੇ ਸ਼ਾਇਦ ਬਿਜਲੀ ਕੱਟਣ ਤੋਂ ਬਾਅਦ ਚਾਲੂ ਕੀਤਾ ਗਿਆ ਸੀ। ਇਸ ਨਾਲ ਗੈਸ ਨਿਕਲਦੀ ਹੈ।