ਮਾਸਕੋ, 18 ਦਸੰਬਰ (ਪੋਸਟ ਬਿਊਰੋ): ਰੂਸ ਦੇ ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਕੈਂਸਰ ਦੀ ਵੈਕਸੀਨ ਬਣਾਉਣ 'ਚ ਕਾਮਯਾਬ ਹੋਏ ਹਾਂ। ਇਹ ਜਾਣਕਾਰੀ ਰੂਸੀ ਸਿਹਤ ਮੰਤਰਾਲੇ ਦੇ ਰੇਡੀਓਲਾਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਰੇਡੀਓ 'ਤੇ ਦਿੱਤੀ। ਰੂਸੀ ਸਮਾਚਾਰ ਏਜੰਸੀ ਟੀਏਐੱਸਐੱਸ ਅਨੁਸਾਰ, ਇਹ ਟੀਕਾ ਅਗਲੇ ਸਾਲ ਤੋਂ ਰੂਸੀ ਲੋਕਾਂ ਨੂੰ ਮੁਫਤ ਲਗਾਇਆ ਜਾਵੇਗਾ।
ਡਾਇਰੈਕਟਰ ਆਂਦਰੇਈ ਨੇ ਦੱਸਿਆ ਕਿ ਰੂਸ ਨੇ ਕੈਂਸਰ ਖਿਲਾਫ ਆਪਣੀ ਐੱਮਆਰਐੱਨਏ ਵੈਕਸੀਨ ਵਿਕਸਿਤ ਕੀਤੀ ਹੈ। ਰੂਸ ਦੀ ਇਸ ਖੋਜ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਮੰਨਿਆ ਜਾ ਰਿਹਾ ਹੈ। ਵੈਕਸੀਨ ਦੇ ਕਲੀਨੀਕਲ ਅਜ਼ਮਾਇਸ਼ਾਂ ਨੇ ਦਿਖਾਇਆ ਹੈ ਕਿ ਇਹ ਟਿਊਮਰ ਦੇ ਵਾਧੇ ਨੂੰ ਰੋਕਣ ਵਿੱਚ ਮੱਦਦ ਕਰਦਾ ਹੈ।
ਇਸ ਸਾਲ ਦੇ ਸ਼ੁਰੂ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਰੂਸ ਕੈਂਸਰ ਦੀ ਵੈਕਸੀਨ ਬਣਾਉਣ ਦੇ ਬਹੁਤ ਨੇੜੇ ਹੈ।
mRNA ਜਾਂ ਮੈਸੇਂਜਰ-RNA ਮਨੁੱਖੀ ਜੈਨੇਟਿਕ ਕੋਡ ਦਾ ਇੱਕ ਛੋਟਾ ਜਿਹਾ ਹਿੱਸਾ ਹੈ, ਜੋ ਸਾਡੇ ਸੈੱਲਾਂ ਵਿੱਚ ਪ੍ਰੋਟੀਨ ਬਣਾਉਂਦਾ ਹੈ। ਇਸ ਨੂੰ ਸਰਲ ਭਾਸ਼ਾ ਵਿਚ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜਦੋਂ ਕੋਈ ਵਾਇਰਸ ਜਾਂ ਬੈਕਟੀਰੀਆ ਸਾਡੇ ਸਰੀਰ 'ਤੇ ਹਮਲਾ ਕਰਦਾ ਹੈ ਤਾਂ mRNA ਤਕਨੀਕ ਸਾਡੇ ਸੈੱਲਾਂ ਨੂੰ ਉਸ ਵਾਇਰਸ ਜਾਂ ਬੈਕਟੀਰੀਆ ਨਾਲ ਲੜਨ ਲਈ ਪ੍ਰੋਟੀਨ ਬਣਾਉਣ ਦਾ ਸੁਨੇਹਾ ਭੇਜਦੀ ਹੈ।
ਇਸ ਨਾਲ, ਸਾਡੀ ਇਮਿਊਨ ਸਿਸਟਮ ਨੂੰ ਲੋੜੀਂਦੀ ਪ੍ਰੋਟੀਨ ਮਿਲਦੀ ਹੈ ਅਤੇ ਸਾਡੇ ਸਰੀਰ ਵਿੱਚ ਐਂਟੀਬਾਡੀਜ਼ ਬਣਦੇ ਹਨ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਹ ਰਵਾਇਤੀ ਵੈਕਸੀਨ ਨਾਲੋਂ ਜਿ਼ਆਦਾ ਤੇਜ਼ੀ ਨਾਲ ਵੈਕਸੀਨ ਬਣ ਸਕਦੀ ਹੈ। ਇਸ ਦੇ ਨਾਲ ਹੀ ਸਰੀਰ ਦੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। mRNA ਤਕਨੀਕ 'ਤੇ ਆਧਾਰਿਤ ਪਹਿਲੀ ਕੈਂਸਰ ਵੈਕਸੀਨ ਹੈ।