ਵਾਸਿ਼ੰਗਟਨ, 18 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਭਾਰਤ 'ਤੇ ਟੈਰਿਫ ਵਧਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਭਾਰਤ ਅਮਰੀਕਾ 'ਤੇ ਟੈਰਿਫ ਲਗਾਏਗਾ ਤਾਂ ਜਵਾਬ 'ਚ ਅਸੀਂ ਵੀ ਭਾਰਤ 'ਤੇ ਬਰਾਬਰ ਟੈਰਿਫ ਲਗਾਵਾਂਗੇ। ਟਰੰਪ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਉਨ੍ਹਾਂ ਦੇਸ਼ਾਂ 'ਚ ਸ਼ਾਮਿਲ ਹਨ, ਜੋ ਅਮਰੀਕੀ ਸਾਮਾਨ 'ਤੇ ਸਭ ਤੋਂ ਜਿ਼ਆਦਾ ਟੈਰਿਫ ਲਗਾਉਂਦੇ ਹਨ।
ਟਰੰਪ ਨੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਨੂੰ ਕੋਈ ਸਾਮਾਨ ਭੇਜਦੇ ਹਾਂ ਤਾਂ ਉਹ ਉਸ 'ਤੇ 100 ਫੀਸਦੀ ਅਤੇ 200 ਫੀਸਦੀ ਟੈਰਿਫ ਲਗਾ ਦਿੰਦੇ ਹਨ। ਜੇਕਰ ਉਹ ਟੈਰਿਫ ਲਗਾਉਣਾ ਚਾਹੁੰਦੇ ਹਨ ਤਾਂ ਠੀਕ ਹੈ, ਅਸੀਂ ਉਨ੍ਹਾਂ 'ਤੇ ਵੀ ਬਰਾਬਰ ਟੈਰਿਫ ਲਗਾਵਾਂਗੇ। ਟਰੰਪ ਤੋਂ ਇਲਾਵਾ ਉਨ੍ਹਾਂ ਦੇ ਪ੍ਰਸ਼ਾਸਨ 'ਚ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ, ਤੁਹਾਡੇ ਨਾਲ ਵੀ ਅਜਿਹਾ ਹੀ ਕੀਤਾ ਜਾਵੇਗਾ।
ਸੱਤਾ ਛੱਡਣ ਵਾਲੇ ਬਾਇਡਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਅਮਰੀਕਾ ਦੇ ਸਬੰਧਾਂ ਨੂੰ ਮਜ਼ਬੂਤ ਸਥਿਤੀ 'ਚ ਛੱਡ ਰਹੇ ਹਨ। ਬਾਇਡਨ ਸਰਕਾਰ ਦੇ ਉਪ ਵਿਦੇਸ਼ ਮੰਤਰੀ ਕਰਟ ਕੈਂਪਬੇਲ ਨੇ ਮੰਗਲਵਾਰ ਨੂੰ ਇਕ ਸੰਮੇਲਨ ਦੌਰਾਨ ਕਿਹਾ ਕਿ ਸਾਨੂੰ ਉਮੀਦ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਵੀ ਇਹ ਮਜ਼ਬੂਤ ਰਹਿਣਗੇ। ਟਰੰਪ ਭਾਰਤ ਨਾਲ ਸਬੰਧਾਂ ਨੂੰ ਅੱਗੇ ਲੈ ਕੇ ਜਾਣਗੇ।
ਕੈਂਪਬੇਲ ਨੇ ਕਿਹਾ ਕਿ ਅਸੀਂ ਉਦਯੋਗ, ਤਕਨਾਲਾਜੀ ਅਤੇ ਰੱਖਿਆ ਦੇ ਖੇਤਰ ਵਿੱਚ ਭਾਰਤ ਦੇ ਸਬੰਧਾਂ ਨੂੰ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਸਥਿਤੀ ਵਿੱਚ ਲੈ ਗਏ ਹਾਂ। ਦੋਵੇਂ ਦੇਸ਼ ਹੁਣ ਪੁਲਾੜ ਖੇਤਰ ਲਈ ਵੀ ਮਿਲ ਕੇ ਕੰਮ ਕਰ ਰਹੇ ਹਨ।