ਵਾਸਿ਼ੰਗਟਨ, 28 ਨਵੰਬਰ (ਪੋਸਟ ਬਿਊਰੋ): ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਪੁਲਾੜ ਯਾਤਰੀ ਬਿਚ ਵਿਲਮੋਰ ਅਤੇ 2 ਹੋਰ ਸਹਿਯੋਗੀਆਂ ਨਾਲ ਥੈਂਕਸਗਿਵਿੰਗ ਦਿਵਸ ਮਨਾਇਆ, ਜੋ ਪਿਛਲੇ 6 ਮਹੀਨਿਆਂ ਤੋਂ ਪੁਲਾੜ ਸਟੇਸ਼ਨ 'ਤੇ ਹਨ। ਸੁਨੀਤਾ ਵਿਲੀਅਮਜ਼ ਅਤੇ ਹੋਰ ਪੁਲਾੜ ਯਾਤਰੀਆਂ ਨੇ ਥੈਂਕਸਗਿਵਿੰਗ ਡੇ ਮਨਾਉਣ ਦਾ ਵੀਡੀਓ ਵੀ ਜਾਰੀ ਕੀਤਾ ਹੈ।
ਇਸ ਵੀਡੀਓ 'ਚ ਸਾਰੇ ਪੁਲਾੜ ਯਾਤਰੀ ਪੈਕਡ ਫੂਡ ਦੇ ਪੈਕੇਟ ਕੱਢਦੇ ਨਜ਼ਰ ਆ ਰਹੇ ਹਨ। ਇਨ੍ਹਾਂ ਪੈਕਟਾਂ ਵਿੱਚ ਸਮੋਕ ਕੀਤੀ ਟਰਕੀ, ਕਰੈਨਬੇਰੀ ਸੌਸ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਸਨ। ਅੱਜ ਸਾਰੇ ਪੁਲਾੜ ਯਾਤਰੀ ਆਪਣੇ ਰੋਜ਼ਾਨਾ ਦੇ ਕੰਮ ਤੋਂ ਛੁੱਟੀ ਲੈਣਗੇ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਵੀਡੀਓ ਕਾਲ 'ਤੇ ਗੱਲ ਕਰਨਗੇ।
ਥੈਂਕਸਗਿਵਿੰਗ ਡੇਅ ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਵਿੱਚ ਸਾਲਾਨਾ ਛੁੱਟੀ ਵਜੋਂ ਮਨਾਇਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਨੇ 1863 ਵਿੱਚ ਇਸਨੂੰ ਰਾਸ਼ਟਰੀ ਛੁੱਟੀ ਘੋਸਿ਼ਤ ਕੀਤਾ ਸੀ। ਅੱਜ ਥੈਂਕਸਗਿਵਿੰਗ ਡੇਅ 'ਤੇ ਅਮਰੀਕਾ ਦੇ ਨਿਊਯਾਰਕ 'ਚ ਮੇਸੀਜ਼ ਦੀ ਪਰੇਡ ਕੱਢੀ ਜਾਵੇਗੀ।
ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਇਸ ਸਾਲ 5 ਜੂਨ ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਵਿੱਚ ਆਈਐੱਸਐੱਸ ਵਿੱਚ ਭੇਜਿਆ ਗਿਆ ਸੀ। ਅੱਜ ਉਨ੍ਹਾਂ ਨੂੰ ਪੁਲਾੜ ਵਿੱਚ ਫਸੇ 176 ਦਿਨ ਹੋ ਗਏ ਹਨ।