ਵਾਸਿ਼ੰਗਟਨ, 1 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਾਂਚ ਏਜੰਸੀ ‘ਫੈਡਰਲ ਬਿਊਰੋ ਆਫ ਇੰਵੈਸਟੀਗੇਸ਼ਨ’ (ਐੱਫਬੀਆਈ) ਦੇ ਅਗਲੇ ਡਾਇਰੈਕਟਰ ਲਈ ਭਾਰਤੀ ਮੂਲ ਦੇ ਕਸ਼ਯਪ ਕਾਸ਼ ਪਟੇਲ ਦੇ ਨਾਂ ਦਾ ਐਲਾਨ ਕੀਤਾ ਹੈ। ਟਰੰਪ ਨੇ ਸ਼ਨੀਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਇਕ ਪੋਸਟ 'ਚ ਇਸ ਗੱਲ ਦਾ ਐਲਾਨ ਕੀਤਾ।
ਇਸ ਪੋਸਟ 'ਚ ਟਰੰਪ ਨੇ ਪਟੇਲ ਦੇ ਪਿਛਲੇ ਕੰਮ ਦੀ ਵੀ ਤਾਰੀਫ ਕੀਤੀ ਹੈ। ਇਸ ਤੋਂ ਪਹਿਲਾਂ ਕਾਸ਼ ਪਟੇਲ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਰੱਖਿਆ ਮੰਤਰਾਲੇ ਵਿੱਚ ਚੀਫ਼ ਆਫ਼ ਸਟਾਫ਼, ਨੈਸ਼ਨਲ ਇੰਟੈਲੀਜੈਂਸ ਵਿੱਚ ਡਿਪਟੀ ਡਾਇਰੈਕਟਰ ਅਤੇ ਨੈਸ਼ਨਲ ਸਕਿਓਰਿਟੀ ਕੌਂਸਲ ਵਿੱਚ ਅੱਤਵਾਦ ਵਿਰੋਧੀ ਪ੍ਰੋਗਰਾਮਾਂ ਦੇ ਸੀਨੀਅਰ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।
ਟਰੰਪ ਨੇ ਕਿਹਾ ਕਿ ਕਾਸ਼ ਪਟੇਲ ਨੂੰ ਇਹ ਜਿ਼ੰਮੇਵਾਰੀ ਅਮਰੀਕਾ 'ਚ ਵਧਦੀ ਅਪਰਾਧ ਦਰ, ਅਪਰਾਧਿਕ ਗਿਰੋਹ ਅਤੇ ਸਰਹੱਦ 'ਤੇ ਹੋ ਰਹੇ ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਅਪਰਾਧਾਂ ਨਾਲ ਨਜਿੱਠਣ ਲਈ ਦਿੱਤੀ ਗਈ ਹੈ।